ਬਾਰ੍ਹਵੀਂ ਜਮਾਤ ਦੀਆਂ ਪਾਠ-ਪੁਸਤਕਾਂ/ਕੁੰਜੀ ‘ਚ ਇਤਿਹਾਸ ਦੇ ਵਿਵਾਦਤ ਤੱਥ ‘ਤੇ ਮਾੜੀ ਸ਼ਬਦਾਵਲੀ ਸਬੰਧੀ ਬੇਸ਼ੱਕ ਧਾਰਮਿਕ ਜਜ਼ਬਾਤ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ ਪਰ ਸਿੱਖ ਜਥੇਬੰਦੀਆਂ ਨੂੰ ਇਹ ਕਾਰਵਾਈ ਨਾਕਾਫ਼ੀ ਲੱਗ ਰਹੀ ਹੈ। ਨਤੀਜਾ ਸੋਮਵਾਰ ਨੂੰ ਬਲਦੇਵ ਸਿੰਘ ਸਿਰਸਾ (ਸ਼ਿਕਾਇਤਕਰਤਾ) ਦੀ ਅਗਵਾਈ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦਾ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਸਰਕਾਰ ਨੇ ਰੀਵਿਊਕਾਰਾਂ ਤੋਂ ਇਲਾਵਾ ਸਿੱਖਿਆ ਮੰਤਰੀ ਤੇ ਬੋਰਡ ਦੇ ਤਤਕਾਲੀ ਆਹਲਾ ਅਫ਼ਸਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਇਹ ਕਾਰਵਾਈ ਗੋਂਗਲ਼ੂਆਂ ਤੋਂ ਮਿੱਟੀ ਝਾੜਨ ਵਾਲੀ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਸਟੇਟ ਸਾਈਬਰ ਕਰਾਈਮ ਨੇ ਸ਼ਨਿੱਚਰਵਾਰ ਨੂੰ ਤਿੰਨ ਲੇਖਕਾਂ ਮਨਜੀਤ ਸਿੰਘ ਸੋਢੀ, ਮਹਿੰਦਰਪਾਲ ਕੌਰ, ਐੱਮਐੱਸ ਮਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਧਰਨਾਕਾਰੀਆ ਦਾ ਕਹਿਣਾ ਹੈ ਕਿ ਕਿਤਾਬਾਂ ਦੇ ਪ੍ਰਕਾਸ਼ਕਾਂ ਤੋਂ ਇਲਾਵਾ ਇਨ੍ਹਾਂ ਨੂੰ ਪੜ੍ਹਾਉਣ ਦੀ ਸਿਫ਼ਾਰਸ਼ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਐੱਫਆਈਆਰ ਤੋਂ ਬਾਹਰ ਰੱਖਿਆ ਗਿਆ ਹੈ। ਬੇਸ਼ੱਕ ਪੁਲਿਸ ਹਾਲੇ ਇਨ੍ਹਾਂ ਪ੍ਰਕਾਸ਼ਕਾਂ ਤੇ ਹੋਰਨਾਂ ਦੀ ਇਸ ਮਾਮਲੇ ‘ਚ ਸ਼ਮੂਲੀਅਤ ਬਾਰੇ ਪੜਤਾਲ ਕਰ ਰਹੀ ਹੈ ਪਰ ਕਿਉਂਕਿ ਇਸ ਬਾਰੇ ਆਈਪੀਐੱਸ ਮਲੋਹਤਾ ਦੀ ਅਗਵਾਈ ਵਾਲੀ ਟੀਮ ਨੇ ਇਤਿਹਾਸਕਾਰਾਂ ਦੀ ਮੱਦਦ ਨਾਲ ਪੜਤਾਲ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਹੈ ਤਾਂ ਹੁਣ ਪੁਲਿਸ ਨੇ ਕਿਹੜੀ ਪੜਤਾਲ ਕਰਨੀ ਹੈ, ਇਹ ਸਵਾਲ ਹਾਲੇ ਬਾਕੀ ਹੈ?
ਇਹ ਸੀ ਸ਼ਿਕਾਇਤ
ਦੱਸਣਾ ਬਣਦਾ ਹੈ ਕਿ ਆਪਣੀ ਸ਼ਿਕਾਇਤ ‘ਚ ਸਿਰਸਾ ਨੇ ਦੋਸ਼ ਲਾਇਆ ਸੀ ਕਿ ਬਾਰ੍ਹਵੀਂ ਜਮਾਤ ਨਾਲ ਸਬੰਧਤ ਇਨ੍ਹਾਂ ਪਾਠ ਪੁਸਤਕਾਂ/ਕੁੰਜੀਆਂ ‘ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਸ਼ਿਕਾਇਤ ‘ਤੇ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਆਈਪੀਐੱਸ ਮਲੋਹਤਰਾ ਤਤਕਾਲੀ ਓਐੱਸਡੀ ਡੀਜੀਐੱਸਈ ਪੰਜਾਬ ਦੀ ਅਗਵਾਈ ਵਾਲੀ ਪੜਤਾਲੀਆ ਕਮੇਟੀ ਬਣਾ ਦਿੱਤੀ ਜਿਸ ਨੇ ਪਿਛਲੇ ਦਿਨੀਂ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ। ਕਮੇਟੀ ਨੇ ਤਿੰਨਾਂ ਲੇਖਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਜਵੀਜ਼ ਪੇਸ਼ ਕਰਕੇ ਇਹ ਰਿਪੋਰਟ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਜਿਸ ਤੋਂ ਬਾਅਦ ਇਸ ਮਾਮਲੇ ‘ਚ ਅਧੀਨ ਸਕੱਤਰ ਸਿੱਖਿਆ (ਸ਼ਾਖਾ-3) ਨੇ 28 ਅਪ੍ਰਰੈਲ ਨੂੰ ਟਿੱਪਣੀ ਕਰਕੇ ਪ੍ਰਮੁੱਖ ਸਕੱਤਰ ਗ੍ਹਿ ਮਾਮਲੇ ਅਤੇ ਨਿਆਂ ਵਿਭਾਗ ਨੂੰ ਕਾਰਵਾਈ ਕਰਨ ਲਈ ਰਿਪੋਰਟ ਭੇਜੀ ਸੀ। ਇਸ ਕਮੇਟੀ ‘ਚ ਇਤਿਹਾਸਕਾਰ ਤੇ ਹੋਰ ਖੋਜਾਰਥੀਆਂ ਨੇ ਵੱਡੇ ਪੱਧਰ ‘ਤੇ ਤੱਥ ਨਸ਼ਰ ਕੀਤੇ ਸਨ। ਰਿਪੋਰਟ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਕਿਤਾਬਾਂ ‘ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਵੀ ਕਿਹਾ ਗਿਆ ਕਿ ਇਨ੍ਹਾਂ ਗ਼ਲਤ ਤੱਥਾਂ ਕਾਰਨ ਇਤਿਹਾਸ ਬਾਰੇ ਭੰਬਲਭੂਸਾ ਬਣਿਆ ਰਹੇਗਾ ਜਿਸ ਦਾ ਵਿਦਿਆਰਥੀਆਂ ਦੇ ਮਨਾਂ ‘ਚ ਲੰਬਾ ਸਮਾਂ ਅਸਰ ਰਹੇਗਾ। ਕਾਰਵਾਈ ਰਿਪੋਰਟ ਵਾਲਾ ਇਹ ਪੱਤਰ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਹੋਇਆ ਜਿਸ ਬਾਰੇ ਡੀਜੀਪੀ ਪੰਜਾਬ ਤੋਂ ਇਲਾਵਾ ਵਿਸ਼ੇਸ਼ ਕਾਰਜ ਸਾਧਕ ਅਫ਼ਸਰ ਲਿਟੀਗੇਸ਼ਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਆਪਣੀ ਟਿੱਪਣੀ ਪੇਸ਼ ਕਰਕੇ ਕਾਰਵਾਈ ਲਈ ਭੇਜ ਦਿੱਤਾ ਸੀ।
ਇਹ ਸਨ ਵਿਵਾਦਤ ਤੱਥਾਂ ਦੇ ਕੁੱਝ ਅੰਸ਼
ਬਲਦੇਵ ਸਿੰਘ ਸਿਰਸਾ ਨੇ ਸ਼ਿਕਾਇਤ ਦਿੱਤੀ ਸੀ ਕਿ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ‘ਚ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਰਾਜ਼ਯੋਗ ਤੇ ਵਿਵਾਦਤ ਇਤਿਹਾਸ ਤੱਥ ਛਾਪੇ ਹੋਏ ਹਨ। ਵੇਰਵੇ ਸਨ ਕਿ ਮਹਿੰਦਰਪਾਲ ਕੌਰ ਦੀ ਹਿੰਦੀ ਮਾਧਿਅਮ ਵਾਲੀ ਇਤਿਹਾਸ ਦੀ ਕਿਤਾਬ ਦੇ ਅਠਾਰਵੇਂ ਆਡੀਸ਼ਨ ‘ਚ ਪੰਨਾ ਨੰਬਰ 79 ‘ਤੇ ਇਹ ਗੁਰੂ ਨਾਨਕ ਦੇਵ ਜੀ ਬਾਰੇ ਇਹ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੇ ਜਾਤੀਵਾਦ ਦਾ ਖੰਡਨ ਨਹੀਂ ਕੀਤਾ। ਇਹ ਵੀ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਸਧਾਰਕ ਇਨਸਾਨ ਸਨ, ਕ੍ਾਂਤੀਕਾਰੀ ਨਹੀਂ। ਇਸੇ ਤਰ੍ਹਾਂ ਪੰਨਾ ਨੰਬਰ-240 ‘ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਹੈ ਕਿ ਉਨ੍ਹਾਂ ਦੀ ਅਗਵਾਈ ਸਿੱਖ ਸੈਨਿਕਾਂ ‘ਚ ਸੰਗਠਨ ਦੀ ਘਾਟ ਸੀ ਤੇ ਉਹ ਕਿਸੇ ਯੋਜਨਾ ਤਹਿਤ ਲੜਾਈ ਨਹੀਂ ਕਰਦੇ ਸਨ। ਸਿਰਸਾ ਨੇ ਇਸੇ ਤਰ੍ਹਾਂ ਦੂਜੇ ਲੇਖਕਾਂ ਦੀਆਂ ਕਿਤਾਬਾਂ ਬਾਰੇ ਵੀ ਤੱਥ ਨਸ਼ਰ ਕੀਤੇ ਸਨ। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਨੇ ਇਨ੍ਹਾਂ 1 ਮਈ ਨੂੰ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਹੁਣ ਕੇਸ ਵੀ ਦਰਜ ਕਰ ਲਏ ਗਏ ਹਨ।
‘ਕਿਤਾਬਾਂ ਦੇ ਰੀਵਿਊਕਾਰਾਂ ਤੇ ਅਕਾਦਮਿਕ ਸ਼ਾਖਾ ਦੇ ਕਿਸੇ ਵੀ ਵਿਅਕਤੀ ‘ਤੇ ਕਾਰਵਾਈ ਨਹੀਂ ਹੋਈ। ਅਸੀਂ ਬਾਕਾਇਦਾ ਇਨ੍ਹਾਂ ਦੇ ਖ਼ਿਲਾਫ਼ ਬਿਆਨ ਦਰਜ ਵੀ ਕਰਵਾਏ ਸਨ ਤੇ ਸ਼ਿਕਾਇਤ ਵੀ ਦਿੱਤੀ ਸੀ। ਅਸੀਂ ਇਸ ਖ਼ਿਲਾਫ਼ ਹਾਲੇ ਆਪਣਾ ਸੰਘਰਸ਼ ਜਾਰੀ ਰੱਖਾਂਗੇ ਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜੋ ਰਣਨੀਤੀ ਉਲੀਕੀ ਗਈ ਸੀ, ਉਹ ਬਾਕਾਇਦਾ ਜਾਰੀ ਰੱਖੀ ਗਈ ਹੈ। 16 ਮਈ ਨੂੰ ਸਵੇਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦੇ ਗੇਟ ਬੰਦ ਕਰਨ ਦਾ ਪ੍ਰੋਗਰਾਮ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।’
– ਬਲਦੇਵ ਸਿੰਘ ਸਿਰਸਾ






