ਪੰਜਾਬ ਸਰਕਾਰ ਵੱਲੋਂ ਸੇਵਾਮੁਕਤ ਪਟਵਾਰੀਆਂ ਨੂੰ ਮੁੜ ਭਰਤੀ ਕਰਨ ਦਾ ਫੈਸਲਾ ਬੇਰੁਜ਼ਗਾਰਾਂ ਨਾਲ ਧੋਖਾ ਹੈ। ਉਕਤ ਵਿਚਾਰ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕੈਬਨਿਟ ਮੀਟਿੰਗ ਵਿੱਚ ਸੇਵਾ ਮੁਕਤ ਪਟਵਾਰੀਆਂ ਨੂੰ ਮੁੜ ਭਰਤੀ ਕਰਨ ਦੇ ਫੈਸਲੇ ਉੱਤੇ ਪ੍ਰਤੀਕਰਮ ਜਾਹਰ ਕਰਦਿਆਂ ਕਹੇ।
ਉਨ੍ਹਾਂ ਕਿਹਾ ਭਾਵੇਂ ਸਰਕਾਰ ਨੇ ਕੁਝ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਬੇਰੁਜ਼ਗਾਰੀ ਝੱਲ ਰਹੀ ਪੰਜਾਬ ਦੀ ਨੌਜਵਾਨੀ ਦੀ ਬਜਾਏ ਸੇਵਾ ਮੁਕਤ ਪਟਵਾਰੀਆਂ ਨੂੰ ਮੌਕਾ ਦੇਣਾ ਸਰੇਆਮ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਵਰਨਣਯੋਗ ਹੈ ਪੰਜਾਬ ਸਰਕਾਰ ਨੇ 1766 ਸੇਵਾ ਮੁਕਤ ਪਟਵਾਰੀਆ ਨੂੰ ਮੁੜ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਕਾਂਗਰਸ ਸਰਕਾਰ ਵੇਲੇ ਇੰਨਾ ਅਸਾਮੀਆਂ ਉੱਤੇ 2 ਲੱਖ 34 ਹਜ਼ਾਰ ਬੇਰੁਜ਼ਗਾਰਾਂ ਨੇ ਅਪਲਾਈ ਕੀਤਾ ਸੀ।
ਬੇਰੁਜ਼ਗਾਰ ਆਗੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈਕੇ ਪਿਛਲੇ ਪੰਜ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਦਰ ਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਜਾਰੀ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਤੋ ਜਲਦੀ ਲਿਖਤੀ ਪ੍ਰੀਖਿਆ ਲਈ ਜਾਵੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਮਾਮੂਲੀ 1407 ਅਸਾਮੀਆਂ ਨੂੰ ਵਧਾ ਕੇ 9000 ਕਰਨ ਦੀ ਮੰਗ ਨੂੰ ਲੈਕੇ 2 ਜੂਨ ਨੂੰ ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਗਗਨਦੀਪ ਕੌਰ,ਬਲਰਾਜ ਸਿੰਘ,ਸੰਦੀਪ ਸਿੰਘ,ਅਮਨ ਸੇਖਾ,ਮੁਨੀਸ਼ ਕੁਮਾਰ, ਗੁਰਪਰੀਤ ਸਿੰਘ ਪੱਕਾ,ਰਛਪਾਲ ਸਿੰਘ,ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।






