Firing on Sidhu Moosewala: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ‘ਤੇ ਗੋਲੀਬਾਰੀ (Firing) ਦੀ ਘਟਨਾ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ‘ਤੇ ਮਾਨਸਾ ਤੋਂ ਵਿਧਾਇਕ ਦੀ ਚੋਣ ਲੜੀ ਸੀ। ਦੱਸ ਦੇਈਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ, ਜਿਸ ਸਬੰਧੀ ਮੂਸੇਵਾਲਾ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਵੀ ਜਾਣਾ ਸੀ।
ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਆਪਣੇ ਪਿੰਡ ਤੋਂ ਜਵਾਹਰਕੇ ਰੋਡ ‘ਤੇ ਆਪਣੇ ਸਾਥੀਆਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਕਥਿਤ ਦੋਸ਼ੀਆਂ ਵੱਲੋਂ 17 ਤੋਂ ਵਧੇਰੇ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ਗੋਲੀ ਮੂਸੇਵਾਲਾ ਦੇ ਢਿੱਡ ਵਿੱਚ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ।
ਸਿਵਲ ਹਸਪਤਾਲ ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਐਸਐਸਪੀ ਮਾਨਸਾ ਦਾ ਕਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਹ ਅਣਪਛਾਤੇ ਵਿਅਕਤੀ ਕੌਣ ਸਨ ਅਤੇ ਕਿਥੋਂ ਆਏ ਸਨ।
ਪੁਲਿਸ ਸੂਤਰਾਂ ਅਨੁਸਾਰ ਇਸ ਪੂਰੀ ਘਟਨਾ ਵਿੱਚ ਗੈਂਗਸਟਰਾਂ ਦਾ ਸਬੰਧ ਸਾਹਮਣੇ ਆ ਰਿਹਾ ਹੈ। ਹਾਲ ਹੀ ‘ਚ ਵਿੱਕੀ ਮਿੱਡੂ ਖੇੜਾ ਕਤਲ ਕਾਂਡ ‘ਚ ਸਿੱਧੂ ਦਾ ਨਾਂਅ ਆ ਰਿਹਾ ਸੀ ਕਿਉਂਕਿ ਉਸ ਦੇ ਇਕ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ ‘ਚ ਪੁਲਿਸ ਨੂੰ ਉਸ ਦੇ ਸਾਥੀ ਦੀ ਤਲਾਸ਼ ਹੈ।






