ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਵਾਰ ਫਿਰ ਰੈਪੋ ਦਰ ਵਿੱਚ ਵਾਧਾ ਕੀਤਾ ਹੈ। ਇਸ ਵਾਰ 50 ਆਧਾਰ ਅੰਕ (.50 ਫੀਸਦੀ) ਦਾ ਵਾਧਾ ਹੋਇਆ ਹੈ। ਰੈਪੋ ਰੇਟ ਵਧ ਕੇ 4.90 ਫੀਸਦੀ ਹੋ ਗਿਆ ਹੈ।
ਸੈਂਟਰਲ ਬੈਂਕ ਨੇ ਬੁੱਧਵਾਰ ਨੂੰ ਖਤਮ ਹੋਈ ਆਪਣੀ ਦੋ-ਮਾਸਿਕ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਰੈਪੋ ਰੇਟ ਵਧਣ ਨਾਲ ਹੁਣ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਦਰਾਂ ‘ਤੇ ਮਿਲਣਗੇ ਅਤੇ ਆਮ ਆਦਮੀ ‘ਤੇ ਈਐਮਆਈ ਦਾ ਬੋਝ ਪਹਿਲਾਂ ਨਾਲੋਂ ਵੱਧ ਹੋਵੇਗਾ।
ਆਰਬੀਆਈ ਨੇ ਨੀਤੀਗਤ ਰੈਪੋ ਦਰ ਨੂੰ ਜਿਥੇ 50 ਅਧਾਰ ਅੰਕ ਵਧਾ ਕੇ 4.90% ਕਰ ਦਿੱਤਾ ਹੈ, ਉਥੇ ਸਥਾਈ ਜਮ੍ਹਾ ਸਹੂਲਤ (SDF) ਦਰ ਨੂੰ 4.15% ਤੋਂ ਵਧਾ ਕੇ 4.65% ਅਤੇ ਸੀਮਾਂਤ ਸਟੈਂਡਿੰਗ ਸਹੂਲਤ (MSF) ਦਰ ਅਤੇ ਬੈਂਕ ਦਰ ਨੂੰ 4.65% ਤੋਂ ਵਧਾ ਕੇ 5.15% ਉਤੇ ਐਡਜਸਟ ਕਰ ਦਿੱਤਾ ਗਿਆ ਹੈ।
RBI ਦੇ ਇਸ ਫੈਸਲੇ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਸਵੇਰ ਦੇ ਸ਼ੁਰੂਆਤੀ ਫਰਕ ਤੋਂ ਤੁਰੰਤ ਬਾਅਦ ਬਾਜ਼ਾਰ ਡਿੱਗ ਗਿਆ। ਇਸ ਤੋਂ ਬਾਅਦ ਜਦੋਂ ਪ੍ਰੈੱਸ ਕਾਨਫ਼ਰੰਸ ‘ਚ ਵਾਧੇ ਦਾ ਐਲਾਨ ਹੋਇਆ ਤਾਂ ਬਾਜ਼ਾਰ ‘ਚ ਤਿੱਖਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ।
ਦੱਸ ਦਈਏ ਕਿ ਪਿਛਲੇ ਮਹੀਨੇ 4 ਮਈ, 2022 ਨੂੰ ਆਰਬੀਆਈ ਨੇ ਨੀਤੀਗਤ ਰੈਪੋ ਦਰ ਨੂੰ 40 ਅਧਾਰ ਅੰਕ ਵਧਾ ਕੇ 4.40% ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।






