ਅੰਮ੍ਰਿਤਸਰ: ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 177ਵਾਂ ਸ਼ਹੀਦੀ ਦਿਹਾੜਾ ਅਟਾਰੀ ਸਮਾਧ ’ਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਅਤੇ ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਸ਼ਾਮਲ ਹੋਏ।
ਇਸ ਮੌਕੇ ਅਟਾਰੀ ਵਿਖੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ ਹਰਪ੍ਰੀਤ ਸਿੰਘ, ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਤਸਵੀਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਐਲਾਨ ਕੀਤਾ ਕਿ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਪਿੰਡ ਅਟਾਰੀ ਨੂੰ ਪੰਜਾਬ ਦਾ ਪਹਿਲਾ ਸਮਾਰਟ ਪਿੰਡ ਬਣਾਇਆ ਜਾਵੇਗਾ। ਉਨਾਂ ਆਪਣੇ ਅਖਤਿਆਰੀ ਫੰਡਜ਼ ਵਿਚੋ ਪਿੰਡ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੀ ਸ਼ਹਾਦਤ ਆਉਣ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਰਹੇਗੀ।
ਉਨ੍ਹਾਂ ਕਿਹਾ ਕਿ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੀ, ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਨੂੰ ਦੇਸ਼ ਵਿਚੋਂ ਕੱਢ ਕੇ ਹੀ ਸਾਹ ਲਿਆ। ਉਨਾਂ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ, ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨਾਂ ਦੀ ਸ਼ਹਾਦਤ ਬਾਰੇ ਦੱਸਣ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂੰ ਕਰਾਉਣ।






