ਜੈਤੋ ਦੇ ਪਿੰਡ ਸੇਵੇਵਾਲਾ ਨੇੜੇ ਤੇਜ਼ ਰਫ਼ਤਾਰ ਬੱਸ ਦੀ ਟੱਕਰ ਨਾਲ ਆਪਣੀ ਧੀ ਦੇ ਵਿਆਹ ਦੇ ਕਾਰਡ ਵੰਡਣ ਜਾ ਰਿਹਾ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਉਸ ਦੀ ਪਤਨੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਭਜਾ ਕੇ ਲੈ ਗਿਆ। ਪੁਲਿਸ ਨੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਲਖਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸਰਾਵਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 8 ਮਾਰਚ ਨੂੰ ਹੈ। ਜਿਸ ਕਾਰਨ ਉਹ ਤੇ ਉਸ ਦੀ ਪਤਨੀ ਆਪਣੇ ਮੋਟਰਸਾਈਕਲ ’ਤੇ ਘਰੋਂ ਨੇੜਲੇ ਪਿੰਡਾਂ ’ਚ ਆਪਣੇ ਰਿਸ਼ਤੇਦਾਰਾਂ ਨੂੰ ਕਾਰਡ ਵੰਡਣ ਲਈ ਨਿਕਲੇ ਸਨ। ਉਹ ਅਜੇ ਪਿੰਡ ਸੇਵੇਵਾਲਾ ਨੇੜੇ ਪਹੁੰਚੇ ਹੀ ਸਨ ਕਿ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਬੱਸ ਚਾਲਕ ਬੱਸ ਭਜਾ ਕੇ ਲੈ ਗਿਆ। ਉਸ ਦੇ ਕਾਫੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ।
ਜਦੋਂ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।






