ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੇ ਕਾਲਜ ਫ਼ਰੀਦਕੋਟ ਵਿਖੇ ਐੱਮਬੀਬੀਐੱਸ ਦੀਆਂ ਸੀਟਾਂ ਹੁਣ 150 ਹੋ ਗਈਆਂ ਹਨ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਯਤਨਾਂ ਸਦਕਾ ਇਹ ਕਾਲਜ 1973 ਵਿੱਚ ਸ਼ੁਰੂ ਹੋਇਆ ਸੀ ਤਾਂ ਇਸ ਕਾਲਜ ਪਾਸ ਸਿਰਫ਼ 50 ਐੱਮਬੀਬੀਐੱਸ ਦੀਆਂ ਸੀਟਾਂ ਹੀ ਸਨ । 2013 ਵਿਚ ਹੌਲੀ-ਹੌਲੀ ਤਰੱਕੀ ਅਤੇ ਯੂਨੀਵਰਿਸਟੀ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਕਾਲਜ ਦੀਆਂ ਐੱਮਬੀਬੀਐੱਸ ਦੀਆਂ ਸੀਟਾਂ 100 ਤੱਕ ਹੋ ਗਈਆਂ ਜੋ ਕਿ 2019 ਵਿੱਚ ਹੋਰ ਵਧਾ ਕੇ ਕਾਲਜ ਨੂੰ 125 ਸੀਟਾਂ ਕਰ ਦਿੱਤੀਆਂ ਗਈਆਂ ਸਨ।
ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਕਾਰਜਕਾਰੀ ਉਪ-ਕੁਲਪਤੀ ਡਾ. ਅਵਿਨੀਸ਼ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਦਾ ਪ੍ਰਸ਼ਾਸਨ ਪੰਜਾਬ ਦੇ ਭਾਈਚਾਰੇ ਅਤੇ ਲੋਕਾਂ ਨੂੰ ਲਾਭ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਇਸ ਮੌਕੇ ਡਾ: ਨਿਰਮਲ ਓਸੇਪਚਨ ਆਈਏਐਸ ਰਜਿਸਟਰਾਰ ਬੀਐਫਯੂਐਚਐਸ ਫਰੀਦਕੋਟ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਆਪਣੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਪੰਜਾਬ ਦਾ ਇਕਲੌਤਾ ਮੈਡੀਕਲ ਕਾਲਜ ਹੈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਲਗਭਗ 100 ਪੋਸਟ ਗ੍ਰੈਜੂਏਟ ਸੀਟਾਂ ਹਨ । ਇਹ ਪੰਜਾਬ ਦਾ ਅਜਿਹਾ ਮੈਡੀਕਲ ਕਾਲਜ ਹੈ, ਜਿਸ ਵਿੱਚ ਐੱਮਸੀਐੱਚ ਪਲਾਸਟਿਕ ਸਰਜਰੀ ਦੀ ਵਿਸ਼ੇਸ਼ਤਾ ਹੈ।
ਡਾ. ਰਾਜੀਵ ਸ਼ਰਮਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੇ ਕਿਹਾ ਕਿ ਜੀਜੀਐੱਸ ਮੈਡੀਕਲ ਕਾਲਜ ਫਰੀਦਕੋਟ ਵਿਦਿਆਰਥੀਆਂ ਨੂੰ ਐੱਮਬੀਬੀਐੱਸ, ਬੀਐੱਸਸੀ ਮੈਡੀਕਲ, ਐੱਮਐੱਸਸੀ ਮੈਡੀਕਲ ਅਤੇ ਹੋਰ ਸਟਰੀਮ ਦੇ ਵਿਦਿਆਰਥੀਆਂ ਨੂੰ ਉਚ ਮਿਆਰ ਦੀ ਪੜ੍ਹਾਈ ਅਤੇ ਆਧੁਨਿਕ ਤਕਨੀਕ ਨਾਲ ਕਰਵਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰੀਨ ਡਾਕਟਰ ਬਣਾਇਆ ਜਾ ਸਕੇ।
ਉਨ੍ਹਾਂ ਇਸ ਗੱਲ ‘ਤੇ ਵੀ ਤਸੱਲੀ ਪ੍ਰਗਟਾਈ ਕਿ ਜੀਜੀਐੱਸਐੱਮਸੀਐੱਚ ਦੀ ਫੈਕਲਟੀ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਹੀ ਕਾਲਜ ਨੇ 150 ਸੀਟਾਂ ਦੀ ਪ੍ਰਵਾਨਗੀ ਦਾ ਟੀਚਾ ਹਾਸਲ ਕੀਤਾ ਹੈ। ਡਾਕਟਰ ਸ਼ਿਲੇਖ ਮਿੱਤਲ, ਮੈਡੀਕਲ ਸੁਪਰਡੈਂਟ ਜੀਜੀਐੱਸਐੱਮਸੀਐੱਚ ਨੇ ਕਿਹਾ ਕਿ ਸਾਡੇ ਹਸਪਤਾਲ ਨੇ ਕੋਵਿਡ ਸੰਕਟ ਦੌਰਾਨ ਬਹੁਤ ਵਧੀਆ ਸੇਵਾ ਕੀਤੀ ਅਤੇ ਹੁਣ ਸਾਡੇ ਕੋਲ 1000 ਤੋਂ ਵੱਧ ਬਿਸਤਰੇ ਹਨ ਜਿਨ੍ਹਾਂ ਵਿੱਚ ਮੇਡ ਆਈਸੀਯੂ, ਸਰਜਰੀ ਆਈਸੀਯੂ, ਨਿਊਰੋਲੋਜੀ ਆਈਸੀਯੂ, ਨਿਊਰੋਸਰਜਰੀ ਆਈਸੀਯੂ, ਐੱਨਆਈਸੀਯੂ, ਪੀਆਈਸੀਯੂ ਸਮੇਤ ਵੱਖ-ਵੱਖ ਵਿਸ਼ੇਸ਼ਤਾ ਅਤੇ ਸੁਪਰ ਸਪੈਸ਼ਲਿਟੀ ਵਿਭਾਗ ਹਨ। ਜਲਦੀ ਹੀ ਹਸਪਤਾਲ ਵਿਚ ਮਾਡਿਊਲਰ ਓਟੀ ਦਾ ਇੱਕ ਬਲਾਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਮੀਡੀਆ ਕੋਆਰਡੀਨੇਟਰ ਡਾ. ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੇ ਨਾਗਰਿਕਾਂ ਵਿਚ ਇਸ ਪ੍ਰਤੀ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਸ਼ਹਿਰ ਅਤੇ ਜ਼ਿਲ੍ਹੇ ਦੀ ਸੇਵਾ ਕਰਨ ਜਾ ਰਿਹਾ ਹੈ ਅਤੇ ਇਲਾਕੇ ਦੀ ਸਿਹਤ ਸੰਭਾਲ ਪ੍ਰਣਾਲੀ ਵਿਚ ਸੁਧਾਰ ਕਰੇਗਾ।






