ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਗੈਂਗਵਾਰ ਵਿਚ ਮਾਰੇ ਗਏ ਏ- ਕੈਟਾਗਰੀ ਦੇ ਗੈਂਗਸਟਰ ਮਨਦੀਪ ਤੂਫ਼ਾਨ ਉਰਫ ਲੰਡਾ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਨੇ ਪੁੱਤਰ ਦੇ ਵਿਉਂਤਬੱਧ ਮੁਕਾਬਲੇ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਇਸ ਤੋਂ ਪਹਿਲਾਂ ਸਤੰਬਰ 2022 ’ਚ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਪੁਲਿਸ ਉਸ ਨੂੰ ਆਨੇ-ਬਹਾਨੇ ਮਾਰ ਦੇਵੇਗੀ। ਤੂਫਾਨ ਦੀ ਮੌਤ ਤੋਂ ਬਾਅਦ ਟੈਲੀਫੋਨ ਤੇ ਉਸ ਦੇ ਪਿਤਾ ਹਰਭਜਨ ਸਿੰਘ ਨੇ ਕਿਹਾ ਕਿ ਸੋਚੀ ਸਮਝੀ ਸਾਜਿਸ਼ ਤਹਿਤ ਉਸ ਦੇ ਪੁੱਤਰ ਨੂੰ ਮਰਵਾਇਆ ਗਿਆ ਹੈ।
ਯਾਦ ਰਹੇ ਤੂਫਾਨ, ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਨਾਮਜ਼ਦ ਸੀ। ਉਸ ਨੂੰ ਤਰਨਤਾਰਨ ਦੀ ਪੁਲਿਸ ਨੇ ਜੰਡਿਆਲਾ ਤੋਂ 16 ਸਤੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਤੂਫਾਨ ਤੇ ਪਹਿਲਾਂ ਮਾਮਲਾ 2018 ’ਚ ਨਾਜਾਇਜ਼ ਪਿਸਤੌਲ ਦਾ ਦਰਜ ਹੋਇਆ ਸੀ। ਉਸ ਤੋਂ ਬਾਅਦ ਉਹ ਗੈਂਗਸਟਰਾਂ ਦੀ ਦੁਨੀਆਂ ’ਚ ਸ਼ਾਮਲ ਹੋ ਗਿਆ। ਤੂਫ਼ਾਨ ਤੇ ਕਤਲ ਅਤੇ ਨਜਾਇਜ਼ ਅਸਲੇ ਦੇ ਕਈ ਮਾਮਲੇ ਵੱਖ ਵੱਖ ਥਾਣਿਆਂ ’ਚ ਦਰਜ ਹਨ, ਜਿਨ੍ਹਾਂ ’ਚ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਪਤਨੀ ਅਤੇ ਡੇਰਾ ਬਾਬਾ ਨਾਨਕ ਦੇ ਇਕ ਸਾਬਕਾ ਫੌਜੀ ਦਾ ਮਾਮਲਾ ਵੀ ਸ਼ਾਮਲ ਹੈ।
ਤੂਫ਼ਾਨ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਨੂੰ ਪੁਲਿਸ ਨੇ ਗੈਂਗਸਟਰ ਬਣਾਇਆ ਹੈ ਅਤੇ ਉਸ ਦਾ ਪੁੱਤਰ ਪੁਲਿਸ ਦੀ ਮਾਰ ਤੋਂ ਡਰਦਾ ਹੋਇਆ ਲੁਕਦਾ ਫਿਰਦਾ ਰਹਿੰਦਾ ਸੀ। ਸਾਬਕ ਫ਼ੌਜੀ ਹਰਭਜਨ ਸਿੰਘ ਨੇ ਅੱਗੇ ਕਿਹਾ ਕਿ ਪੁੱਤਰ ਤੂਫ਼ਾਨ ਦੀ ਮੌਤ ਬਾਰੇ ਪੁਲਿਸ ਨੇ ਟੈਲੀਫੋਨ ’ਤੇ ਸੂਚਨਾ ਦਿੱਤੀ ਹੈ। ਇਸ ਮਗਰੋਂ ਉਹ ਤੇ ਪਰਿਵਾਰਕ ਮੈਂਬਰ ਬਟਾਲਾ ਤੋਂ ਅੰਮ੍ਰਿਤਸਰ ਨੂੰ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਮਰਹੂਮ ਤੂਫ਼ਾਨ ਦੋ ਬੱਚਿਆਂ ਦਾ ਬਾਪ ਹੈ ਅਤੇ ਉਸ ਦੀ ਪਤਨੀ ਬੱਚਿਆਂ ਸਮੇਤ ਪੇਕੇ ਰਹਿ ਰਹੀ ਹੈ।






