ਪੰਜਾਬ ਖੇਤੀ-ਪ੍ਰਧਾਨ ਸੂਬਾ ਹੈ, ਇਸੇ ਲਈ ਹੁਣ ਇੱਥੇ ਮੌਸਮ ਬਾਰੇ ਚਰਚਾ ਪੂਰੇ ਜ਼ੋਰਾਂ ’ਤੇ ਹੈ। ਇੱਥੇ ਤਾਪਮਾਨ ਇਸ ਵੇਲੇ ਆਮ ਨਾਲੋਂ ਚਾਰ-ਪੰਜ ਡਿਗਰੀ ਸੈਲਸੀਅਸ ਵੱਧ ਹੋ ਗਿਆ ਹੈ। ਹਾਲੇ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ ਮਾਰਚ ਦੇ ਅੱਧ ਤਕ ਇਸ ਦੇ 40 ਡਿਗਰੀ ਸੈਲਸੀਅਸ ਤਕ ਪੁੱਜ ਜਾਣ ਦੀ ਸੰਭਾਵਨਾ ਹੈ। ਇਹ ਇਸ ਵਰ੍ਹੇ ਆਮ ਨਾਲੋਂ ਕੁਝ ਵਧੇਰੇ ਗਰਮੀ ਪੈਣ ਦਾ ਸੰਕੇਤ ਤਾਂ ਹੈ ਹੀ ਪਰ ਇਹ ਕਿਸਾਨਾਂ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਜਦੋਂ ਕਣਕ ਦਾ ਦਾਣਾ ਭਰ ਰਿਹਾ ਹੈ ਤਾਂ ਠੰਢ ਦਾ ਘਟਣਾ ਉਸ ਲਈ ਨੁਕਸਾਨਦੇਹ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਰਵਰੀ ਮਹੀਨੇ ਦੀ ਇਸ ਗਰਮੀ ਨਾਲ ਇਸ ਵਾਰ ਕਣਕ ਦਾ ਝਾੜ ਘਟੇਗਾ, ਇਸੇ ਲਈ ਕਿਸਾਨ ਦੀ ਫ਼ਿਕਰਮੰਦੀ ਸੁਭਾਵਕ ਹੈ। ਦਰਅਸਲ, ਅਜਿਹੇ ਹਾਲਾਤ ਪੱਛਮੀ ਗੜਬੜੀ ਕਾਰਨ ਪੈਦਾ ਹੋਏ ਹਨ। ਮੌਸਮ ’ਚ ਗੜਬੜੀ ਤਦ ਤੋਂ ਹੀ ਹੋਣ ਲੱਗੀ ਹੈ ਜਦ ਤੋਂ ਮਨੁੱਖ ਨੇ ਧਰਤੀ ਤੇ ਵਾਤਾਵਰਨ ਨਾਲ ਛੇੜਖਾਨੀ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਹੈ। ਜਿੱਥੇ ਅਤਿ-ਆਧੁਨਿਕ ਸੱਭਿਅਤਾ ਦਾ ਸਨਅਤੀਕਰਨ ਤੋਂ ਬਗ਼ੈਰ ਸਰਦਾ ਨਹੀਂ, ਉੱਥੇ ਇਸ ਦੇ ਡਾਢੇ ਨੁਕਸਾਨ ਵੀ ਹੋਏ ਹਨ। ਇਹ ਅਜਿਹੇ ਨੁਕਸਾਨ ਹਨ ਜਿਨ੍ਹਾਂ ਦਾ ਖ਼ਮਿਆਜ਼ਾ ਆਉਣ ਵਾਲੀਆਂ ਕਈ ਪੀੜ੍ਹੀਆਂ ਤਕ ਭੁਗਤਣਾ ਪੈ ਸਕਦਾ ਹੈ। ਦੁਨੀਆ ਦੀ ਆਬਾਦੀ ਵਧਣ ਨਾਲ ਸਾਡੇ ਗ੍ਰਹਿ ਧਰਤੀ ’ਤੇ ਪ੍ਰਦੂਸ਼ਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਮਨੁੱਖੀ ਗਿਣਤੀ ਵਧਣ ਨਾਲ ਜੰਗਲਾਂ ਦੀ ਕਟਾਈ ਵੀ ਹੋਈ ਹੈ ਕਿਉਂਕਿ ਲੋਕਾਂ ਨੂੰ ਰਹਿਣ ਲਈ ਨਵੇਂ ਘਰਾਂ ਦੀ ਜ਼ਰੂਰਤ ਹੈ। ਮਨੁੱਖ ਦੀ ਤਾਂਘ ਸਦਾ ਐਸ਼-ਪ੍ਰਸਤੀ ਨਾਲ ਜੀਵਨ ਬਿਤਾਉਣ ਦੀ ਰਹੀ ਹੈ ਜਿਸ ਲਈ ਹੁਣ ਤਕਨਾਲੋਜੀ ’ਤੇ ਨਿਰਭਰਤਾ ਵੱਡੇ ਪੱਧਰ ’ਤੇ ਵਧਦੀ ਜਾ ਰਹੀ ਹੈ। ਵਾਤਾਵਰਨ ਨੂੰ ਸਭ ਤੋਂ ਵੱਧ ਨੁਕਸਾਨ ਇਸੇ ਨਿਰਭਰਤਾ ਤੋਂ ਹੋ ਰਿਹਾ ਹੈ। ਮੌਸਮੀ ਗੜਬੜੀਆਂ ਹੋਣ ਲੱਗ ਪਈਆਂ ਹਨ ਜੋ ਮਨੁੱਖਾਂ ਤੇ ਪਸ਼ੂਆਂ-ਪੰਛੀਆਂ ਲਈ ਵੀ ਘਾਤਕ ਹਨ। ਇਸ ਦੇ ਨਾਲ ਹੀ ਪਾਣੀ, ਬਿਜਲੀ, ਪੈਟਰੋਲੀਅਮ ਪਦਾਰਥਾਂ ਆਦਿ ਦੀ ਹੱਦੋਂ ਵੱਧ ਵਰਤੋਂ ਵੀ ਵਾਤਾਵਰਨ ਸੰਤੁਲਨ ਨੂੰ ਵਿਗਾੜਦੀ ਹੈ। ਇਹ ਸਾਰਾ ਕੁਝ ਉਵੇਂ ਹੈ ਜਿਵੇਂ ਕੋਈ ਦਵਾਈਆਂ ਦੀ ਵਰਤੋਂ ਤਾਂ ਕਿਸੇ ਬਿਮਾਰੀ ਦਾ ਹੱਲ ਲੱਭਣ ਲਈ ਕਰੇ ਪਰ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਨਾਲ ਉਸ ਨੂੰ ਕੋਈ ਹੋਰ ਰੋਗ ਚਿੰਬੜ ਜਾਵੇ। ਬਿਲਕੁਲ ਇਵੇਂ ਹੀ ਤਕਨਾਲੋਜੀ ਦੀ ਵਰਤੋਂ ਦੇ ਵੀ ਨੁਕਸਾਨ ਹੁਣ ਇਨਸਾਨ ਨੂੰ ਝੱਲਣੇ ਪੈ ਰਹੇ ਹਨ। ਫੈਕਟਰੀਆਂ ਦਾ ਰਸਾਇਣਕ ਤੱਤਾਂ ਵਾਲਾ ਗੰਦਾ ਪਾਣੀ ਚੋਰੀ-ਛਿਪੇ ਦਰਿਆਵਾਂ ਤੇ ਨਦੀਆਂ-ਨਾਲ਼ਿਆਂ ’ਚ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਧਰਤੀ ਹੇਠਲਾ ਪੀਣ ਵਾਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਪਾਣੀ ਨੂੰ ਅਜਾਈਂ ਵਹਾਉਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੇਠਾਂ ਚਲਾ ਗਿਆ ਹੈ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਦਿਆਰਥੀਆਂ ਦੇ ਪਾਠਕ੍ਰਮਾਂ ’ਚ ਵਾਤਾਵਰਨ ਵਿਸ਼ੇ ਬਾਰੇ ਪੜ੍ਹਾਈ ਨੂੰ ਲਾਜ਼ਮੀ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਪੌਣ-ਪਾਣੀ ਨੂੰ ਬਚਾਉਣ ਲਈ ਸਰਕਾਰਾਂ ਨੂੰ ਪਹਿਲ ਦੇ ਆਧਾਰ ’ਤੇ ਨੀਤੀਆਂ ਉਲੀਕਣੀਆਂ ਹੋਣਗੀਆਂ, ਮਨੁੱਖਤਾ ਦਾ ਬਚਾਅ ਤਦ ਹੀ ਮੁਮਕਿਨ ਹੋਵੇਗਾ। ਵਧਦੀ ਜਾ ਰਹੀ ਆਲਮੀ ਤਪਸ਼ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਸਾਨਾਂ ਦੀਆਂ ਫ਼ਸਲਾਂ ਦੇ ਬਚਾਅ ਲਈ ਕੀਤੇ ਜਾ ਸਕਣ ਵਾਲੇ ਉਪਾਵਾਂ ਬਾਰੇ ਸੋਸ਼ਲ ਮੀਡੀਆ ਸਮੇਤ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਵੱਡੇ ਪੱਧਰ ’ਤੇ ਪ੍ਰਚਾਰ ਅਤੇ ਪਸਾਰ ਕਰਨਾ ਚਾਹੀਦਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਨੂੰ ਬਚਾਉਣ ਲਈ ਸੌਖੇ ਤੇ ਸਰਲ ਉਪਾਅ ਲੱਭਣੇ ਬਹੁਤ ਜ਼ਰੂਰੀ ਹਨ।






