ਭਾਜਪਾ ਦੀ ਮਹਿਲਾ ਆਗੂ ਮਨੀਸ਼ਾ ਸੂਦ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 13 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲਾ ਮੁਲਜ਼ਮ ਖੰਨਾ ਪੁਲਿਸ ਵਲੋਂ ਗ਼ਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੁਲਜ਼ਮ ਨੇ ਇੱਕ ਤਰਫ਼ਾ ਪਿਆਰ ਸਿਰੇ ਨਾ ਚੜ੍ਹਨ ਕਰਕੇ ਸਾਜਿਸ਼ ਰਚੀ ਤਾਂ ਜੋ ਲੜਕੀ ਦੇ ਪਰਿਵਾਰ ਨੂੰ ਇਸ ਮਾਮਲੇ ’ਚ ਫਸਾ ਸਕੇ।
ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਭਾਜਪਾ ਆਗੂ ਅਜੈ ਸੂਦ ਦੀ ਪਤਨੀ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਮਨੀਸ਼ਾ ਸੂਦ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਕਰਕੇ 3 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਇਹ ਵਿਅਕਤੀ ਮਨੀਸ਼ਾ ਸੂਦ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਐੱਸਪੀ ਡੀ ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠਾਂ ਡੀਐੱਸਪੀ ਵਿਲੀਅਮ ਜ਼ੈਜੀ ਅਤੇ ਇੰਸਪੈਕਟਰ ਸੰਦੀਪ ਕੁਮਾਰ ਨੇ ਕਾਰਵਾਈ ਕਰਦਿਆਂ ਮੁਲਜ਼ਮ ਰਜਨੀਸ਼ ਸ਼ਰਮਾ ਵਾਸੀ ਪ੍ਰੀਤਮ ਨਗਰ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਇਕਤਰਫਾ ਪਿਆਰ ’ਚ ਲੁਧਿਆਣਾ ਦੀ ਰਹਿਣ ਵਾਲੀ ਇਕ ਲਡ਼ਕੀ ਨੂੰ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਕਰਦਾ ਸੀ। ਜਿਸ ਖ਼ਿਲਾਫ਼ ਲਡ਼ਕੀ ਦੇ ਪਰਿਵਾਰ ਨੇ ਲੁਧਿਆਣਾ ਦੇ ਵੱਖ ਵੱਖ ਥਾਣਿਆਂ ’ਚ ਜਿਨਸੀ ਛੇੜਛਾੜ, ਆਈਟੀ ਐਕਟ, ਫਿਰੌਤੀ, ਧੋਖਾਧੜੀ ਅਤੇ ਹੋਰ ਅਪਰਾਧਾਂ ਤਹਿਤ ਮੁਕੱਦਮੇ ਦਰਜ ਕਰਵਾਏ ਹੋਏ ਹਨ ਜਿਸ ਦਾ ਬਦਲਾ ਲੈਣ ਲਈ ਰਜਨੀਸ਼ ਉਕਤ ਲਡ਼ਕੀ ਦੇ ਭਰਾ ਦੇ ਗੁਗਲਪੇਅ ਸਕੈਨ ਭੇਜ ਕੇ ਉਸ ’ਚ 3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਮਨੀਸ਼ਾ ਸੂਦ ਤੋਂ ਕਰ ਰਿਹਾ ਸੀ ਤਾਂ ਜੋ ਉਹ ਲੜਕੀ ਦੇ ਪਰਿਵਾਰ ਨੂੰ ਝੂਠੇ ਕੇਸ ’ਚ ਫਸਾ ਸਕੇ। ਇਸੇ ਤਰ੍ਹਾਂ ਦੀ ਫਿਰੌਤੀ ਦੀ ਵਾਰਦਾਤ ਲੁਧਿਆਣਾ ਅਤੇ ਮੋਗਾ ’ਚ ਵੀ ਸਾਹਮਣੇ ਆਈ। ਐੱਸਐੱਸਪੀ ਅਮਨੀਤ ਕੌਂਡਲ ਅਨੁਸਾਰ ਜਾਅਲੀ ਸਿੰਮਾਂ ਨੂੰ ਬੰਦ ਕਰਵਾਉਣ ਲਈ ਟੈਲੀਕਾਮ ਅਪਰੇਟਰਾਂ ਨੂੰ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਮੁਲਜ਼ਮ ਰਜਨੀਸ਼ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਸ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹੀ ਫਿਰੌਤੀ ਮੰਗਣ ਦੀ ਕਾਲ ਆਉਂਦੀ ਹੈ ਤਾਂ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।






