ਸੋਸ਼ਲ ਮੀਡੀਆ ‘ਤੇ ਚੇਅਰਮੈਨ ਬਲਬੀਰ ਸਿੰਘ ਪੰਨੂੰ ਦੀ ਜਿਪਸੀ ਦੀ ਫੋਟੋ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਦਿਖਾਈ ਗਈ ਜਿਪਸੀ ਦੀ ਨੰਬਰ ਪਲੇਟ ਬੁਲੇਟ ਮੋਟਰਸਾਈਕਲ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਚੇਅਰਮੈਨ ਪੰਨੂ ਨੇ ਕਿਹਾ ਕਿ ਜੋ ਫੋਟੋ ਵਾਇਰਲ ਹੋ ਰਹੀ ਹੈ, ਉਹ ਕਿਸੇ ਨੇ ਐਡਿਟ ਕੀਤੀ ਹੈ। ਜਦਕਿ ਉਸ ਦੀ ਜਿਪਸੀ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗੀ ਹੋਈ ਹੈ।
ਇਸ ਸਬੰਧੀ ਡੀਐਸਪੀ ਫਤਿਹਗੜ੍ਹ ਚੂੜੀਆਂ ਸਰਵਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਕਤ ਮਾਮਲੇ ਦੇ ਸਬੰਧ ਵਿੱਚ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਤੋਂ ਜਿਪਸੀ ਖਰੀਦ ਕੇ ਸਰਕਾਰ ਨੂੰ ਟੈਕਸ ਅਦਾ ਕੀਤਾ ਹੈ ਅਤੇ ਟਰਾਂਸਪੋਰਟ ਵਿਭਾਗ ਤੋਂ ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਈ ਸੀ, ਜਿਸ ਦਾ ਨੰਬਰ ਪੀਬੀ06ਬੀਡੀ 5850 ਉਸ ਨੂੰ ਬਦਨਾਮ ਕਰਨ ਲਈ ਕੁਝ ਲੋਕਾਂ ਨੇ ਫੋਟੋ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਉਕਤ ਮਾਮਲਾ ਜਦ ਉਸਦੇ ਧਿਆਨ ਵਿੱਚ ਆਇਆ ਤਾਂ ਉਸਨੇ ਖੁਦ ਜਿਪਸੀ ਨੂੰ ਜਾਂਚ ਲਈ ਥਾਣਾ ਸਦਰ ਬਟਾਲਾ ਵਿਖੇ ਭੇਜ ਦਿੱਤਾ। ਦੂਜੇ ਪਾਸੇ ਡੀਐੱਸਪੀ ਫਤਿਹਗੜ੍ਹ ਚੂੜੀਆਂ ਸਰਵਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲ ਗਈ ਹੈ ਅਤੇ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਫੋਟੋ ਕਿਸ ਨੇ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਪਾਈ ਹੈ, ਇਸ ਦੇ ਨਾਲ ਹੀ ਚੇਅਰਮੈਨ ਦੀ ਜਿਪਸੀ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਪਸੀ ਦੀ ਫੋਟੋ ‘ਤੇ ਨੰਬਰ PB 06 BD 5058 ਲਿਖਿਆ ਦਿਖਾਈ ਦੇ ਰਿਹਾ ਹੈ। ਫੋਟੋ ‘ਚ ਜਿਪਸੀ ‘ਤੇ ਜੋ ਨੰਬਰ ਦਿਖਾਈ ਦੇ ਰਿਹਾ ਹੈ, ਉਹ ਬੁਲੇਟ ਮੋਟਰਸਾਈਕਲ ਦਾ ਦੱਸਿਆ ਜਾ ਰਿਹਾ ਹੈ।






