ਨੌਜਵਾਨ ਆਪਣੇ ਮਾਤਾ-ਪਿਤਾ ਨਾਲ ਅਧਿਕਾਰੀਆਂ ਨੂੰ ਮਿਲਣ ਲਈ ਡੀਸੀ ਦਫ਼ਤਰ ਗਿਆ ਸੀ ਪਰ ਸੁਣਵਾਈ ਨਾ ਹੋਈ ਤਾਂ ਉਹ ਡੀਸੀ ਦਫ਼ਤਰ ਪਿੱਛੇ ਕਚਹਿਰੀ ਕੰਪਲੈਕਸ ਦੇ ਸਾਹਮਣੇ ਬਣੀ ਟੈਂਕੀ ’ਤੇ ਚੜ੍ਹ ਗਿਆ। ਸੂਚਨਾ ਮਿਲਦੇ ਹੀ ਏਡੀਸੀਪੀ-1 ਸ਼ੁਭਮ ਅਗਰਵਾਲ, ਏਐੱਸਪੀ ਮਨਿੰਦਰ ਕੌਰ, ਡਵੀਜ਼ਨ ਨੰਬਰ-4 ਇੰਚਾਰਜ ਨੀਰਜ ਚੌਧਰੀ ਮੌਕੇ ’ਤੇ ਪਹੁੰਚ ਗਏ। ਏਸੀਪੀ ਰਾਜੇਸ਼ ਸ਼ਰਮਾ ਅਨੁਸਾਰ ਨੌਜਵਾਨ ਦਾ ਦੋਸ਼ ਹੈ ਕਿ ਉਸ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨਾਲ ਗੱਲਬਾਤ ਕਰ ਕੇ ਅਧਿਕਾਰੀਆਂ ਸਾਹਮਣੇ ਇਹ ਮਾਮਲਾ ਉਠਾਇਆ ਜਾਵੇਗਾ।
ਚੌਕੀ ਦੇ ਮੁਲਾਜ਼ਮਾਂ ’ਤੇ ਕਾਰਵਾਈ ਕਰਵਾ ਚੁੱਕਾ ਹੈ ਨੌਜਵਾਨ
ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਖ਼ਿਲਾਫ਼ ਬਸੰਤ ਐਵੇਨਿਊ ’ਚ ਲੜਕੀ ਦੇ ਪਰਿਵਾਰ ਵੱਲੋਂ ਜਬਰ-ਜਨਾਹ ਦੀ ਸ਼ਿਕਾਇਤ ਦਿੱਤੀ ਗਈ ਸੀ। ਉਸ ਅਨੁਸਾਰ ਜਾਂਚ ’ਚ ਨਿਰਦੋਸ਼ ਲਿਖਣ ਲਈ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਉਸ ਨੇ ਵੀਡੀਓ ਤੇ ਆਡੀਓ ਰਿਕਾਰਡਿੰਗ ਕਰ ਕੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ ਸੀ ਤੇ ਪੁਲਿਸ ਨੇ ਚੌਕੀ ਦੇ ਮੁਲਾਜ਼ਮਾਂ ’ਤੇ ਕਾਰਵਾਈ ਵੀ ਕੀਤੀ ਸੀ।
9 ਹਜ਼ਾਰ ਰੁਪਏ ਤਨਖ਼ਾਹ, ਉਹ ਵੀ ਕਿਰਾਏ ’ਤੇ ਹੋ ਰਹੀ ਖ਼ਰਚ
ਹਰਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਸ ਨੇ 10 ਲੱਖ ਰੁਪਏ ਕਰਜ਼ ਲੈ ਕੇ ਪੁੱਤ ਦੀ ਮੰਗੇਤਰ ਨੂੰ ਕੈਨੇਡਾ ਭੇਜਿਆ। ਉਕਤ ਲੜਕੀ ਦੇ ਮਾਪੇ ਹੁਣ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਦੂਸਰੇ ਜ਼ਿਲ੍ਹਿਆਂ ’ਚ ਸ਼ਿਕਾਇਤਾਂ ਦੇ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਸਕੇ। ਉਸ ਦੀ ਤਨਖ਼ਾਹ 9 ਹਜ਼ਾਰ ਰੁਪਏ ਹੈ, ਜੋ ਕਿ ਕਿਰਾਇਆਂ ’ਤੇ ਹੀ ਖ਼ਰਚ ਹੋ ਜਾਂਦੀ ਹੈ। ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤ ਦਾ ਵਿਦੇਸ਼ ਜਾਣ ਦਾ ਸੁਪਨਾ ਟੁੱਟਣ ਕਾਰਨ ਉਹ ਡਿਪਰੈਸ਼ਨ ’ਚ ਹੈ ਤੇ ਉਹ ਘਰੋਂ ਬਾਹਰ ਤਕ ਨਹੀਂ ਨਿਕਲਦਾ।






