ਵਿਧਾਨ ਸਭਾ ’ਚ ਅੱਜ ਵੱਖ-ਵੱਖ ਖ਼ੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਜੋ ਪਿਛਲੇ ਦਿਨਾਂ ਦੌਰਾਨ ਸੰਸਾਰ ਤੋਂ ਰੁਖ਼ਸਤ ਹੋ ਗਈਆਂ ਹਨ, ਨੂੰ ਸਦਨ ’ਚ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ੁੱਕਰਵਾਰ ਨੂੰ ਸਦਨ ’ਚ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਨਰੇਸ਼ ਠਾਕੁਰ ਤੇ ਬਾਬੂ ਰਾਮ ਚਾਵਲਾ, ਸਾਬਕਾ ਵਿਧਾਇਕ ਮਲਕੀਅਤ ਸਿੰਘ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਪ੍ਰੀਤਮ ਸਿੰਘ ਤੇ ਪੱਤਰਕਾਰ ਨਿਰੰਜਨ ਸਿੰਘ ਪਰਵਾਨਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।
ਸ਼ਰਧਾਂਜਲੀ ਦੇਣ ਤੋਂ ਬਾਅਦ ਵਿਛੜੀਆਂ ਸ਼ਖ਼ਸੀਅਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਵਿਚ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਦੌਰਾਨ ਵਿਛੜੀਆਂ ਰੂਹਾਂ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰਿਆ ਗਿਆ।






