ਬਹਿਬਲ ਮੋਰਚੇ ਵੱਲੋਂ ਰੱਖੇ ਗਏ ਸ਼ੁਕਰਾਨਾ ਤੇ ਅਰਦਾਸ ਸਮਾਗਮ ’ਚ ‘ਆਪ’ ਸਰਕਾਰ ਵਲੋਂ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਅਦਾਲਤ ਵਿੱਚ ਬਿਲਕੁਲ ਵੀ ਢਿੱਲ ਨਹੀਂ ਦਿਖਾਵੇਗੀ।
ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ ਦਿਵਾ ਕੇ ਰਹੇਗੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਤਾਂ ਹੀ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲਮ ਲੱਗੇਗੀ। ਉਨ੍ਹਾਂ ਕਿਹਾ ਕਿ ਸ਼ੁਕਰਾਨੇ ਦੇ ਸਮਾਗਮ ਬਾਰੇ ਜੋ ਸੰਗਤਾਂ ਨਾਲ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਗੁਰੂ ਸਾਹਿਬ ਨੇ ਪੂਰਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਦੇ ਚਰਨਾਂ ’ਚ ਅਰਦਾਸ ਕਰਦੇ ਹਾਂ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਭਵਿੱਖ ’ਚ ਕਿਧਰੇ ਵੀ ਨਾ ਵਾਪਰਨ। ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਂਮੀਵਾਲਾ ਸਮੇਤ ਹਰਪਾਲ ਸਿੰਘ ਖਾਰਾ, ਗੁਰਮੁਖ ਸਿੰਘ, ਦਿਲਾਵਰ ਸਿੰਘ, ਬੂਟਾ ਸਿੰਘ, ਬਾਰਾ ਸੁਖਵਿੰਦਰ ਸਿੰਘ, ਸੁਖਜੀਤ ਸਿੰਘ ਖੋਸੇ, ਸਤਨਾਮ ਸਿੰਘ ਖੰਡਾ, ਰਾਮ ਸਿੰਘ ਢਪਾਲੀ, ਮਾਸਟਰ ਹਰਜਿੰਦਰ ਸਿੰਘ ਹਰੀਨੌਂ, ਸਤਪਾਲ ਸਿੰਘ ਮੋਗਾ, ਗੁਰਪ੍ਰੀਤ ਸਿੰਘ ਹਰੀਨੌਂ, ਬਾਬਾ ਹਰਦੀਪ ਸਿੰਘ, ਬਾਬਾ ਗੁਰਦੀਪ ਸਿੰਘ, ਧਰਮਿੰਦਰ ਸਿੰਘ, ਬਾਬਾ ਗੁਰਨਾਮ ਸਿੰਘ ਅਤੇ ਹੋਰ ਬੁਲਾਰਿਆਂ ਨੇ ਬਹਿਬਲ ਗੋਲ਼ੀਕਾਂਡ ਦੀ ਚਲਾਨ ਰਿਪੋਰਟ ਪੇਸ਼ ਕਰਨ ਤੱਕ ਮੋਰਚਾ ਨਿਰੰਤਰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।
ਬਹਿਬਲ ਗੋਲ਼ੀਕਾਂਡ ਦੀ ਚਲਾਨ ਰਿਪੋਰਟ ਪੇਸ਼ ਹੋ ਜਾਣ ਤੋਂ ਬਾਅਦ ਭਾਵੇਂ ਮੋਰਚਾ ਸਮਾਪਤ ਕਰਕੇ ਧਰਨਾ ਚੁੱਕ ਲਿਆ ਜਾਵੇਗਾ ਪਰ ਉਕਤ ਕੇਸ ਨੂੰ ਪੀੜਤ ਪਰਿਵਾਰ ਅਦਾਲਤ ਵਿੱਚ ਪੂਰੀ ਤਨਦੇਹੀ ਨਾਲ ਲੜਨਗੇ। ਉਕਤ ਬੁਲਾਰਿਆਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਤ ਕਾਂਗਰਸ ਅਤੇ ਮੌਜੂਦਾ ਸਰਕਾਰ ਦੇ ਆਗੂਆਂ ਵਲੋਂ ਬੇਅਦਬੀ ਕਾਂਡ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਣ ਦੀ ਨਿੰਦਾ ਕਰਦਿਆਂ ਆਖਿਆ ਕਿ ਡੇਰਾ ਮੁਖੀ ਨੇ ਜਿਸ ਤਰ੍ਹਾਂ ਪੰਥ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਹੈ, ਉਸਦੇ ਚੇਲਿਆਂ ਦੀ ਸਰਪ੍ਰਸਤੀ ਕਰਨ ਵਾਲੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ, ਉਸ ਦਾ ਖਮਿਆਜ਼ਾ ਲੋਕ ਕਚਹਿਰੀ ਵਿੱਚ ਜ਼ਰੂਰ ਭੁਗਤਣਾ ਪਵੇਗਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅਮੋਲਕ ਸਿੰਘ ਜੈਤੋ, ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਸਮੇਤ ਤਰਲੋਕ ਸਿੰਘ, ਸਤਨਾਮ ਸਿੰਘ, ਦਲੇਰ ਸਿੰਘ, ਬਲਬੀਰ ਸਿੰਘ, ਸ਼ਰਨਜੀਤ ਸਿੰਘ, ਅਜੀਤ ਸਿੰਘ ਘਣੀਆ, ਬਲਦੇਵ ਸਿੰਘ, ਗੁਰਚਰਨ ਸਿੰੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਈਮਾਨ ਸਿੰਘ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।






