ਪਿੰਡ ਢਿੱਲਵਾਂ ਵਿਖੇ ਪਿੰਡ ਦੀ ਧਰਮਸ਼ਾਲਾ ‘ਚ ਪਾਰਕਿੰਗ ਲਈ ਖੜੀ ਕੀਤੀ ਗਈ ਕਾਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਅੱਗ ਲਗਾ ਦਿੱਤੀ ਜਿਸਦੇ ਨਾਲ ਆਲਟੋ ਕਾਰ ਸੜਕੇ ਸੁਆਹ ਹੋ ਗਈ। ਕਾਰ ਦੇ ਮਾਲਕ ਸੁਰਜੀਤ ਰਾਮ ਪੁੱਤਰ ਸੁਰਤਾ ਰਾਮ ਵਾਸੀ ਪਿੰਡ ਢਿੱਲਵਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 11 ਵਜੇ ਕਿਸੇ ਵਿਆਹ ‘ਚੋਂ ਪ੍ਰੋਗਰਾਮ ਕਰਨ ਤੋਂ ਬਾਅਦ ਘਰ ਪਰਤਿਆ ਤੇ ਉਸਨੇ ਕਰੀਬ ਸਵਾ 11 ਵਜੇ ਕਾਰ ਪਿੰਡ ਦੀ ਧਰਮਸ਼ਾਲਾ ‘ਚ ਪਾਰਕਿੰਗ ਕਰਕੇ ਲਾਕ ਕਰ ਦਿੱਤੀ। ਸਾਢੇ ਬਾਰਾਂ ਵਜੇ ਦੇ ਕਰੀਬ ਉਸਨੂੰ ਕਿਸੇ ਪਿੰਡ ਵਾਸੀ ਤੋਂ ਪਤਾ ਚੱਲਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ ਜਦੋਂ ਉਹ ਮੌਕੇ ਤੇ ਪੁੱਜਿਆ ਤਾਂ ਕਾਰ ਸੜ ਰਹੀ ਸੀ ਤੇ ਕਾਰ ਵਿਚ ਪਈਆਂ ਵਿਆਹ ਦੀਆਂ ਡਰੈਸਾਂ ਤੇ ਹੋਰ ਸਾਜੀਆਂ ਦਾ ਸਾਮਾਨ ਢੋਲ ਵਗੈਰਾ ਵੀ ਸਭ ਕੁਝ ਅੱਗ ਦੀਆਂ ਲਪਟਾਂ ‘ਚ ਘਿਰ ਚੁੱਕਿਆ ਸੀ। ਨੌਜਵਾਨਾਂ ਦੀ ਮਦਦ ਨਾਲ ਜਦੋਂ ਤੱਕ ਉਨਾਂ ਨੇ ਅੱਗ ਬੁਝਾਈ ਉਦੋਂ ਤੱਕ ਸਾਰਾ ਕੁਝ ਸੁਆਹ ਬਣ ਚੁੱਕਿਆ ਸੀ। ਸੁਰਜੀਤ ਰਾਮ ਤੇ ਬਿੱਟੂ ਢਿੱਲਵਾਂ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਲਾਗ ਡਾਟ ਵੀ ਨਹੀਂ ਹੈ ਜਿਸ ਕਰਕੇ ਕਿਸੇ ਤੇ ਸ਼ੱਕ ਕੀਤਾ ਜਾ ਸਕੇ ਪਰ ਫਿਰ ਵੀ ਉਨਾਂ ਵੱਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ.






