ਐੱਸਆਈਟੀ ਵਲੋਂ ਕੋਟਕਪੂਰਾ ਗੋਲ਼ੀਕਾਂਡ ਨਾਲ ਸਬੰਧਤ 7 ਹਜ਼ਾਰ ਪੰਨਿਆਂ ਦੀ ਚਲਾਨ ਰਿਪੋਰਟ ਦੀਆਂ ਕਾਪੀਆਂ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਨੇ ਉਕਤ ਚਲਾਨ ਰਿਪੋਰਟਾਂ ਦੀਆਂ ਕਾਪੀਆਂ ਮੰਗਣ ਦੀ ਲਗਾਈ ਅਰਜ਼ੀ ਖਾਰਜ ਕਰ ਦਿੱਤੀ ਹੈ ਅਤੇ ਅਦੇਸ਼ ਦਿੱਤੇ ਗਏ ਹਨ ਕਿ ਚਲਾਨ ਦੀਆਂ ਕਾਪੀਆਂ ਲੈਣ ਤੋਂ ਪਹਿਲਾ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਹੋਣਾ ਪਵੇਗਾ। ਇਸੇ ਤਰ੍ਹਾਂ ਇਕ ਹੋਰ ਉੱਚ ਪੁਲਿਸ ਅਧਿਕਾਰੀ ਸੁਖਮਿੰਦਰ ਸਿੰਘ ਮਾਨ ਨੇ ਵੀ ਗਿ੍ਫਤਾਰੀ ਤੋਂ ਬਚਣ ਲਈ ਅਗਾਉਂ ਜ਼ਮਾਨਤ ਵਾਸਤੇ ਅਤੇ ਚਲਾਨ ਰਿਪੋਰਟ ਦੀਆਂ ਕਾਪੀਆਂ ਮੰਗਣ ਲਈ ਦੋ ਵੱਖ-ਵੱਖ ਅਦਾਲਤਾਂ ਵਿੱਚ ਅਰਜੀਆਂ ਲਾਈਆਂ ਹਨ, ਜਿਨ੍ਹਾਂ ’ਤੇ 14 ਮਾਰਚ ਦਿਨ ਮੰਗਲਵਾਰ ਨੂੰ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਵਲੋਂ ਪਿਛਲੇ ਮਹੀਨੇ 24 ਫਰਵਰੀ ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟੇ੍ਟ ਅਜੇਪਾਲ ਸਿੰਘ ਅਦਾਲਤ ਵਿੱਚ 7 ਹਜਾਰ ਪੰਨਿਆਂ ਦੀ ਚਲਾਨ ਰਿਪੋਰਟ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ, ਅਮਰ ਸਿੰਘ ਚਾਹਲ, ਸੁਖਮਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਅਤੇ ਗੁਰਦੀਪ ਸਿੰਘ ਪੰਧੇਰ ਨੂੰ 23 ਮਾਰਚ ਲਈ ਅਦਾਲਤ ਵਿੱਚ ਤਲਬ ਕਰ ਲਿਆ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅਦਾਲਤ ਵਿੱਚ ਪੇਸ਼ ਹੋਏ 7000 ਪੰਨਿਆਂ ਦੇ ਚਲਾਨ ਦੀਆਂ ਕਾਪੀਆਂ ਲੈਣ ਲਈ ਮਾਨਯੋਗ ਜੁਡੀਸ਼ੀਅਲ ਮੈਜਿਸਟੇ੍ਰਟ ਅਜੇਪਾਲ ਸਿੰਘ ਦੀ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਸ ਨੂੰ ਚਲਾਨ ਦੀਆਂ ਕਾਪੀਆਂ ਦਿੱਤੀਆਂ ਜਾਣ, ਜਿਸ ਦੀ ਉਨ੍ਹਾਂ ਨੂੰ ਸਖਤ ਜਰੂਰਤ ਹੈ। ਜਿਸ ’ਤੇ ਐੱਸਆਈਟੀ ਵੱਲੋਂ ਪੇਸ਼ ਹੋਏ ਵਕੀਲ ਪੰਕਜ ਤਨੇਜਾ ਨੇ ਇਸ ਅਰਜੀ ਦਾ ਵਿਰੋਧ ਕਰਦਿਆਂ ਕਿਹਾ ਕਿ ਜਿੰਨਾ ਚਿਰ ਇਹ ਅਦਾਲਤ ਵਿੱਚ ਪੇਸ਼ ਨਹੀ ਹੁੰਦੇ, ਉਨ੍ਹਾਂ ਚਿਰ ਇਸ ਚਲਾਨ ਦੀਆਂ ਕਾਪੀਆਂ ਕਾਨੂੰਨ ਮੁਤਾਬਿਕ ਮੁਹੱਈਆ ਨਹੀਂ ਕਰਵਾਈਆਂ ਜਾ ਸਕਦੀਆਂ, ਜਿਸ ’ਤੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਸੁਖਮਿੰਦਰ ਸਿੰਘ ਮਾਨ ਪੁਲਿਸ ਅਧਿਕਾਰੀ ਦੀ ਅਰਜੀ ’ਤੇ ਐੱਸਆਈਟੀ ਨੂੰ ਨੋਟਿਸ ਜਾਰੀ ਕਰਦਿਆਂ ਉਕਤ ਕੇਸ ਨਾਲ ਜੁੜਿਆ ਰਿਕਾਰਡ 14 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾਇਆ ਹੈ।






