ਪਿਛਲੇ ਕੁਝ ਦਿਨਾਂ ਤੋਂ ਵਾਹਨ ਚੋਰੀ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪਠਾਨਕੋਟ ਪੁਲਿਸ ਨੇ ਡੀ.ਐਸ.ਪੀ (ਸਿਟੀ) ਪਠਾਨਕੋਟ ਲਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕਰਕੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਦੋ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਕੁੱਲ 15 ਦੋਪਹੀਆ ਵਾਹਨ ਬਰਾਮਦ ਕੀਤੇ ਹਨ ਜਿਸ ਵਿਚ ਪੰਜ ਸਕੂਟਰਾਂ ਅਤੇ 10 ਮੋਟਰਸਾਈਕਲਾਂ ਹਨ। ਟੀਮ ਨੇ ਇਸ ਕਾਰਵਾਈ ਦੌਰਾਨ ਚੋਰੀ ਦੀਆਂ ਚਾਰ ਵਾਰਦਾਤਾਂ ਨੂੰ ਵੀ ਟਰੇਸ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਪ੍ਰਿੰਸ ਵਾਸੀ ਸੇਖਾ ਮੁਹੱਲਾ ਸੁਜਾਨਪੁਰ ਅਤੇ ਦਿਨੇਸ਼ ਕੁਮਾਰ ਉਰਫ ਦੀਪੂ ਵਾਸੀ ਵਾਰਡ ਨੰਬਰ 6 ਜਲਕੜਦੀ ਮੁਹੱਲਾ ਸੁਜਾਨਪੁਰ ਵਜੋਂ ਹੋਈ ਹੈ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ, ਡੀ.ਐਸ.ਪੀ (ਸਿਟੀ) ਪਠਾਨਕੋਟ ਲਖਵਿੰਦਰ ਸਿੰਘ ਰੰਧਾਵਾ ਅਤੇ ਇੰਸਪੈਕਟਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਚੋਰੀ ਹੋਏ ਮੋਟਰਸਾਈਕਲ ਨੰਬਰ ਪੀ.ਬੀ.3557016 ਦੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ। ਥਾਣਾ ਡਵੀਜ਼ਨ ਨੰ.1 ਨੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਅਬਰੋਲ ਨਗਰ ਮੋੜ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਚੈਕਿੰਗ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਉਹ ਕੋਈ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੇ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਰੀਬ ਇੱਕ ਮਹੀਨਾ ਪਹਿਲਾਂ ਪੀਰ ਬਾਬਾ ਦੀ ਦਰਗਾਹ ਨੇੜੇ ਭਾਨਵਾਲ ਨਹਿਰ ਦੇ ਕਿਨਾਰੇ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ। ਹੋਰ ਪੁੱਛਗਿੱਛ ਕਰਨ ‘ਤੇ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪਠਾਨਕੋਟ ਅਤੇ ਸੁਜਾਨਪੁਰ ਦੇ ਆਸ-ਪਾਸ ਦੇ ਇਲਾਕਿਆਂ ‘ਚੋਂ ਕਈ ਦੋਪਹੀਆ ਵਾਹਨ ਚੋਰੀ ਕੀਤੇ ਹਨ ਅਤੇ ਇਨ੍ਹਾਂ ‘ਚੋਂ ਕੁਝ ਵਾਹਨ ਭੁਪਿੰਦਰ ਸਿੰਘ ਉਰਫ ਬੰਟੀ ਪੁੱਤਰ ਚੰਚਲ ਸਿੰਘ ਵਾਸੀ ਪਿੰਡ ਮਾਧੋਪੁਰ ਕੁਲੀਆ ਦੇ ਸਨ। ਜਦੋਂ ਪੁਲਿਸ ਨੇ ਬੰਟੀ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਤਾਂ ਉਹ ਫ਼ਰਾਰ ਹੋ ਗਿਆ, ਪਰ ਪੰਜ ਚੋਰੀਸ਼ੁਦਾ ਵਾਹਨ ਬਰਾਮਦ ਕਰ ਲਏ ਗਏ ।
ਪੁਲਿਸ ਨੇ ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ ਵਿਖੇ ਆਈਪੀ ਸੀ ਦੀ ਧਾਰਾ 379,411 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।






