ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਹਮਾਇਤ ਦੇਣ ਲਈ ਰਾਜਨੀਤਕ ਵਿੰਗ ਡੇਰਾ ਸੱਚਾ ਸੌਦਾ ਸਿਰਸਾ ਨੇ ਅੱਜ ਭੰਗ ਕਰ ਦਿੱਤਾ ਹੈ। ਵਿੰਗ ਦੇ ਆਗੂ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਡੇਰੇ ਦੇ ਸਮੁੱਚੇ ਪ੍ਰਬੰਧਾਂ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਹੀ ਰਾਜਨੀਤਕ ਵਿੰਗ ਭੰਗ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ 45 ਮੈਂਬਰ ਹਰਚਰਨ ਸਿੰਘ ਅਤੇ ਜਸਵੀਰ ਸਿੰਘ ਨੇ ਵੀ ਕੀਤੀ ਹੈ।
ਸੂਤਰ ਦੱਸਦੇ ਹਨ ਕੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਹਾਲ ਹੀ ਵਿਚ ਆਪਣੀ ਪੈਰੋਲ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਜਿਸ ਨੂੰ ਹੁਣ ਲਾਗੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ ਨੇ ਆਪਣਾ ਸਮੁੱਚਾ ਧਿਆਨ ਸਮਾਜ ਸੇਵਾ ਦੇ ਕੰਮਾਂ ‘ਤੇ ਫੋਕਸ ਕਰਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਸੰਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 17 ਸਾਲ ਪਹਿਲਾਂ ਸੰਨ 2006 ਵਿੱਚ ਇਹ ਵਿੰਗ ਇਸ ਲਈ ਬਣਾਇਆ ਗਿਆ ਸੀ। ਅਸਲ ਵਿਚ ਡੇਰਾ ਪ੍ਰੇਮੀਆਂ ਦੀਆ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨਿਕ ਪੱਧਰ ਤੇ ਹੱਲ ਕਰਵਾਉਣ ਲਈ ਇਹ ਵਿੰਗ ਹੋਂਦ ‘ਚ ਲਿਆਂਦਾ ਗਿਆ ਸੀ।
ਇਸ ਤੋਂ ਪਹਿਲਾਂ ਵੀ ਡੇਰਾ ਪ੍ਰਬੰਧਕ ਸਿਆਸੀ ਧਿਰਾਂ ਦੀ ਗੁਪਤ ਰੂਪ ‘ਚ ਹਮਾਇਤ ਕਰਦੇ ਸਨ ਪਰ ਸੰਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਰਾਜਨੀਤਕ ਵਿੰਗ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਨੂੰ ਖੁੱਲ੍ਹੇਆਮ ਸਿਆਸੀ ਹਮਾਇਤ ਦਿੱਤੀ ਸੀ। ਮਾਲਵਾ ਵਿਚ ਡੇਰਾ ਪ੍ਰੇਮੀਆਂ ਦੀ ਵੱਡੀ ਗਿਣਤੀ ਹੋਣ ਅਤੇ ਉਨ੍ਹਾਂ ਵੱਲੋਂ ਖੁੱਲ੍ਹ ਕੇ ਮੈਦਾਨ ‘ਚ ਨਿੱਤਰਨ ਕਾਰਨ ਇਨ੍ਹਾਂ ਚੋਣਾਂ ਵਿਚ ਮਾਲਵੇ ਵਿੱਚ ਅਕਾਲੀ ਦਲ-ਭਾਜਪਾ ਗਠਜੋੜ ਨੂੰ 65 ਵਿੱਚੋਂ 37 ਹਲਕਿਆਂ ‘ਚ ਜਿੱਤ ਪ੍ਰਾਪਤ ਕੀਤੀ ਜਦਕਿ ਅਕਾਲੀ ਦਲ ਕੇਵਲ 13 ਹਲਕਿਆਂ ਵਿੱਚ ਜਿੱਤ ਸਕਿਆ ਸੀ ਅਤੇ ਭਾਜਪਾ ਨੇ ਮਾਲਵਾ ਪੱਟੀ ਵਿਚ ਪੰਜ ਸੀਟਾਂ ‘ਤੇ ਚੋਣ ਜਿੱਤੀ ਸੀ। ਮਾਝੇ ਤੇ ਦੁਆਬੇ ਵਿੱਚ ਆਸ ਨਾਲੋਂ ਵੱਧ ਸੀਟਾਂ ਮਿਲਣ ਅਤੇ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ 19 ਵਿਧਾਨ ਸਭਾ ਹਲਕਿਆਂ ਵਿੱਚ ਹਾਸਲ ਹੋਈ ਜਿੱਤ ਕਾਰਨ ਅਕਾਲੀ ਦਲ ਸਰਕਾਰ ਬਣਾਉਣ ਵਿੱਚ ਸਫਲ ਰਿਹਾ। ਮਾਲਵੇ ਵਿਚ ਕਾਂਗਰਸ ਵੱਲੋਂ ਜ਼ਿਆਦਾ ਸੀਟਾਂ ਜਿੱਤਣ ਕਾਰਨ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਸਾਹਮਣੇ ਆਇਆ ਸੀ। ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਕਰਕੇ ਡੇਰਾ ਪੈਰੋਕਾਰਾਂ ਨੂੰ ਕਈ ਥਾਵਾਂ ਤੇ ਅਕਾਲੀ ਵਰਕਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਕਈ ਡੇਰਾ ਪ੍ਰੇਮੀਆਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪਿਆ। ਕਾਫੀ ਥਾਵਾਂ ਤੇ ਅਕਾਲੀ ਵਰਕਰਾਂ ਅਤੇ ਡੇਰਾ ਪੈਰੋਕਾਰਾਂ ਵਿਚਕਾਰ ਟਕਰਾਅ ਹੋਇਆ। ਸਿੱਟੇ ਵਜੋਂ ਪ੍ਰੇਮੀਆਂ ਖਿਲਾਫ ਪੁਲਿਸ ਕੇਸ ਵੀ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ ਪਰ ਉਸ ਸਮੇਂ ਵੀ ਰਾਜਨੀਤਕ ਵਿੰਗ ਨੇ ਆਪਣੀ ਸਰਗਰਮ ਭੂਮਿਕਾ ਨਿਭਾਈ । ਡੇਰੇ ਵੱਲੋਂ ਅਚਾਨਕ ਲਿਆ ਗਿਆ ਇਹ ਫ਼ੈਸਲਾ ਸਿਆਸੀ ਧਿਰਾਂ ਅਤੇ ਆਮ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੈ।






