ਬੀਤੀ ਰਾਤ ਉਸ ਸਮੇਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਇਕੱਠ ਕਰਨ ਲਈ ਪਿੰਡਾਂ ਦੇ ਗੁਰੂ ਘਰਾਂ ’ਚ ਅਨਾਊਂਸਮੈਂਟ ਕਰਵਾ ਦਿੱਤੀ ਗਈ।
ਝਨੇੜੀ ਪਿੰਡ ਦੇ ਗੁਰੂ ਘਰ ਦੀ ਕਮੇਟੀ ਦੇ ਆਗੂ ਨੇ ਦੱਸਿਆ ਕਿ ਬੀਤੀ ਰਾਤ 6-7 ਅਣਜਾਣ ਨੌਜਵਾਨਾਂ ਨੇ ਪਿੰਡ ਦੇ ਗੁਰੂ ਘਰ ’ਚ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਘਰਾਚੋਂ ਪਿੰਡ ਵਿਖੇ ਇਕੱਠੇ ਹੋਣ ਸਬੰਧੀ ਅਨਾਊਂਸਮੈਂਟ ਕਰਵਾ ਦਿੱਤੀ, ਜਿਸ ਦਾ ਪਤਾ ਲੱਗਦਿਆਂ ਪੁਲਿਸ ਨੇ ਗੁਰੂ ਘਰ ਆ ਕੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਦੇਖ਼ਿਆ ਪਰ ਉਕਤ ਨੌਜਵਾਨਾਂ ਦੀ ਪਛਾਣ ਨਾ ਹੋ ਸਕੀ। ਪੁਲਿਸ ਨੇ ਇਸ ਅਨਾਊਂਸਮੈਂਟ ਬਾਬਤ ਗੁਰੂ ਘਰ ਦੇ ਗ੍ਰੰਥੀ ਨੂੰ ਹਿਰਾਸਤ ਵਿਚ ਵੀ ਲੈ ਲਿਆ ਸੀ ਪਰ ਕੁਝ ਸਮੇਂ ਬਾਅਦ ਛੱਡ ਦਿੱਤਾ। ਗ੍ਰੰਥੀ ਨੇ ਸਵੇਰੇ ਦੁਬਾਰਾ ਅਨਾਊਂਸਮੈਂਟ ਕਰ ਕੇ ਕੋਈ ਵੀ ਇਕੱਠ ਨਾ ਹੋਣ ਬਾਰੇ ਵੀ ਲੋਕਾਂ ਨੂੰ ਸੂਚਿਤ ਕੀਤਾ। ਇਸ ਤੋਂ ਇਲਾਵਾ ਪਿੰਡ ਝਨੇੜੀ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਝਨੇੜੀ ਨੇ ਹੋਈ ਅਨਾਊਂਸਮੈਂਟ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਦੇਰ ਰਾਤ ਤੱਕ ਪੁਲਿਸ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਦੀ ਰਹੀ ਪਰ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ। ਇਸੇ ਤਰ੍ਹਾਂ ਹੀ ਨੇੜਲੇ ਪਿੰਡ ਬਟਰਿਆਣਾ ਦੇ ਗੁਰੂ ਘਰ ਦੇ ਗ੍ਰੰਥੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵੀ 2 ਨੌਜਵਾਨਾਂ ਨੇ ਆ ਕੇ ਇਹ ਅਨਾਊਂਸਮੈਂਟ ਕਰਵਾਈ ਸੀ, ਪਰ ਅੱਜ ਸਵੇਰੇ ਪੁਲਿਸ ਨੇ ਗੁਰੂ ਘਰ ਆ ਕੇ ਗ੍ਰੰਥੀ ਨੂੰ ਇਸ ਤਰ੍ਹਾਂ ਦੀਆਂ ਭੜਕਾਊ ਸੂਚਨਾਵਾਂ ਨਾ ਦੇਣ ਬਾਰੇ ਕਿਹਾ ਹੈ। ਇਸ ਸਬੰਧੀ ਘਰਾਚੋਂ ਪੁਲਿਸ ਚੌਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਨਾਊਂਸਮੈਂਟ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਗੁਰੂ ਘਰਾਂ ’ਚ ਜਾ ਕੇ ਇਸ ਤਰ੍ਹਾਂ ਦੀਆਂ ਸੂਚਨਾਵਾਂ ਨਾ ਦੇਣ ਸਬੰਧੀ ਤਾੜਨਾ ਕੀਤੀ ਹੈ।






