ਜ਼ਿਲ੍ਹੇ ਦੇ ਪਿੰਡ ਕੋਟਫੱਤਾ ਵਿਚ ਔਲਾਦ ਦੀ ਪ੍ਰਾਪਤੀ ਖਾਤਰ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿਚ ਵੀਰਵਾਰ ਨੂੰ ਐਡੀਸਨਲ ਸ਼ੈਸਨ ਜੱਜ ਬਲਜਿੰਦਰ ਸਿੰਘ ਸਰਾ ਦੀ ਅਦਾਲਤ ਨੇ ਸੱਤ ਦੋਸ਼ੀਆਂ ਨੂੰ ਉਮਰ ਕੈਦ ਦੇ ਨਾਲ ਨਾਲ ਦਸ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਦੋਸ਼ੀਆਂ ਵਿਚ ਮ੍ਰਿਤਕ ਭੈਣ-ਭਰਾ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਤਾ ਰਣਧੀਰ ਕੌਰ ਉਰਫ ਰੋਜ਼ੀ, ਚਾਚਾ ਜਸਪ੍ਰੀਤ ਸਿੰਘ, ਭੂਆ ਰਮਨਦੀਪ ਕੌਰ ਉਰਫ਼ ਅਮਨਦੀਪ ਕੌਰ ਅਤੇ ਗਗਨਦੀਪ ਕੌਰ ਗਗਨ ਤੋਂ ਇਲਾਵਾ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਸ਼ਾਮਲ ਹੈ। ਜਦੋਂ ਅਦਾਲਤ ਨੇ ਸੁਣਵਾਈ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਭਵਿੱਖ ਦੱਸਣ ਵਾਲਾ ਮੁਖ ਮੁਲਜ਼ਮ ਲਖਵਿੰਦਰ ਲੱਖੀ ਤਾਂਤਰਿਕ ਅਦਾਲਤ ਵਿਚ ਰੋ-ਰੋ ਕੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਣ ਲੱਗਿਆ। ਬਹੁਤ ਚਰਚਿਤ ਹੋਏ ਇਸ ਬਲੀ ਕੇਸ ਦੀ ਸੁਣਵਾਈ ਨੂੰ ਲੈ ਕੇ ਦੁਪਹਿਰ ਸਮੇਂ ਹੀ ਵੱਡੀ ਗਿਣਤੀ ਵਿਚ ਕਚਿਹਰੀ ਦੇ ਮੁਲਾਜ਼ਮ ਤੇ ਵਕੀਲ ਅਦਾਲਤ ਦੇ ਬਾਹਰ ਮੌਜ਼ੂਦ ਸਨ। ਦੋਸ਼ੀਆਂ ’ਚ ਇਕ ਪਰਿਵਾਰ ਦੇ ਛੇ ਮੈਂਬਰਾਂ ਜਿਨ੍ਹਾਂ ਵਿਚ ਚਾਰ ਔਰਤ ਤੇ ਤਿੰਨ ਮਰਦ ਸ਼ਾਮਲ ਹਨ।

ਦੱਸ ਦੇਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾਂ 8 ਮਾਰਚ 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ ਅੱਠ ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਘਰ ਦਾਦੀ, ਮਾਤਾ, ਪਿਤਾ ,ਚਾਚਾ, ਦੋ ਭੂਆ ਨੇ ਬਲੀ ਦੇ ਦਿੱਤੀ ਸੀ। ਭੂਆ ਦੇ ਬੱਚੇ ਨਾ ਹੋਣ ਕਾਰਨ ਪਰਿਵਾਰਕ ਮੈਬਰਾਂ ਨੇ ਦੋਵਾਂ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਐਕਸ਼ਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਮੁਜ਼ਰਮ ਧਿਰ ਦੇ ਉਲਟ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਨੇ ਮਾਣਯੋਗ ਅਦਾਲਤ ਅੱਗੇ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਰੱਖੀ ਸੀ, ਪਰ ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸਦੇ ਨਾਲ ਹੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਦਸ ਦਸ ਹਜਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ ਹੈ। ਜ਼ੁਰਮਾਨਾ ਨਾ ਭਰਨ ’ਤੇ ਸਾਰੇ ਦੋਸ਼ੀਆਂ ਨੂੰ ਤਿੰਨ-ਤਿੰਨ ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀਆਂ ਲਈ ਫਾਂਸੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਇਸ ਮੌਕੇ ਨੌਜਵਾਨ ਆਗੂ ਪਰਦੀਪ ਸਿੰਘ ਭਾਗੀਵਾਂਦਰ, ਸੁਖਪਾਲ ਸਿੰਘ ਪਾਲਾ, ਗੁਰਸੇਵਕ ਸਿੰਘ ਕੋਟਭਾਈ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਸੁਰਜੀਤ ਸਿੰਘ ਭੁੱਚੋ ਖੁਰਦ, ਸੁਰਮੁਖ ਸਿੰਘ ਸੇਲਬਰਾਹ, ਕਿਸਾਨ ਆਗੂ ਰਾਜਮਹਿੰਦਰ ਸਿੰਘ ਕੋਟਭਾਰਾ, ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਵੀ ਹਾਜ਼ਰ ਸਨ।






