ਦੋ ਸਾਲ ਪਹਿਲਾਂ ਮੌਕੇ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੌਰਾਨ ਪੁਲਿਸ ਨਾਲ ਹੋਈ ਝੜਪ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਨਾਂ ਪਾਰਟੀ ਨੇਤਾਵਾਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਮਾਮਲੇ ਵਿਚ ਸ਼ਨਿਚਰਵਾਰ ਨੂੰ ਮਜੀਠੀਆ, ਰੋਜੀ ਬਰਕੰਦੀ, ਪਰਮਬੈਂਸ ਸਿੰਘ ਰੋਮਾਣਾ, ਪਵਨ ਕੁਮਾਰ, ਦਲਜੀਤ ਸਿੰਘ, ਸੁਰਜੀਤ ਸਿੰਘ, ਮਹੇਸ਼ ਇੰਦਰ ਸਿੰਘ, ਬਲਵਿੰਦਰ ਸਿੰਘ, ਐੱਨਕੇ ਸ਼ਰਮਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰ ਮੁਲਜ਼ਮਾਂ ਦੀ ਪੇਸ਼ੀ ਸੀ ਪਰ ਉਕਤ ਸਾਰੇ ਨੇਤਾ ਕੋਰਟ ’ਚ ਪੇਸ਼ ਨਹੀਂ ਹੋਏ। ਮਜੀਠੀਆ ਦੇ ਵਕੀਲ ਐਡਵੋਕੇਟ ਰਾਜੇਸ਼ ਕੁਮਾਰ ਰਾਏ ਨੇ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਦੱਸਿਆ ਕਿ ਉਕਤ ਸਾਰੇ ਪੰਜਾਬ ਵਿਚ ਐੱਸਵਾਈਐੱਲ ਦੇ ਮੁੱਦੇ ’ਤੇ ਪਾਰਟੀ ਦੀ ਮੀਟਿੰਗ ਵਿਚ ਸ਼ਾਮਲ ਹੋ ਰਹੇ ਹਨ। ਇਸ ਕਾਰਨ ਉਹ ਮਾਮਲੇ ਵਿਚ ਅਦਾਲਤ ’ਚ ਪੇਸ਼ ਨਹੀਂ ਹੋ ਸਕਦੇ। ਅਗਲੀ ਸੁਣਵਾਈ ’ਤੇ ਸਾਰੇ ਕੋਰਟ ਵਿਚ ਪੇਸ਼ ਹੋਣਗੇ। ਉਨ੍ਹਾਂ ਮਾਮਲੇ ਵਿਚ ਪੇਸ਼ੀ ਲਈ ਅਗਲੀ ਤਰੀਕ ਦੀ ਅਪੀਲ ਕੀਤੀ। ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 26 ਅਕਤੂਬਰ ਤੈਅ ਕਰ ਦਿੱਤੀ। ਜ਼ਿਲ੍ਹਾ ਅਦਾਲਤ ’ਚ ਇਹ ਮਾਮਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨ ਇੰਦਰ ਸਿੰਘ ਦੀ ਕੋਰਟ ਵਿਚ ਚੱਲ ਰਿਹਾ ਹੈ।






