1973 ‘ਚ ਇਜ਼ਰਾਈਲ ‘ਤੇ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਅਚਾਨਕ ਹਮਲੇ ਦੇ ਕਰੀਬ ਪੰਜ ਦਹਾਕਿਆਂ ਬਾਅਦ ਫ਼ਲਸਤੀਨੀ ਲੜਾਕਿਆਂ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਵੱਡਾ ਹਮਲਾ ਕਰ ਦਿੱਤਾ।
ਫ਼ਲਸਤੀਨੀ ਕੱਟੜਪੰਥੀ ਸਮੂਹ ਹਮਾਸ ਵਲੋਂ ਇਹ ਹਮਲਾ ਵੀ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ, ਇਹ ਦਿਨ ਸੀ ਸ਼ਬਾਤ ਦਾ ਯਾਨੀ ਯਹੂਦੀਆਂ ਦੀ ਛੁੱਟੀ ਦਾ ਦਿਨ।
1973 ਵਿੱਚ ਹੋਈ ਇਸ ਲੜਾਈ ਨੂੰ ਅਕਤੂਬਰ ਯੁੱਧ, ਪਹਿਲੀ ਅਰਬ-ਇਜ਼ਰਾਈਲੀ ਜੰਗ ਜਾਂ ਯੋਮ ਕਿਪੁੱਰ ਜੰਗ ਵਜੋਂ ਜਾਣਿਆ ਜਾਂਦਾ ਹੈ।
ਇਸ ਲੜਾਈ ਵਿੱਚ ਸੀਰੀਆ ਨੇ ਗੋਲਾਨ ਹਾਈਟਸ ਤੋਂ ਇਜ਼ਰਾਈਲ ‘ਤੇ ਹਮਲਾ ਕੀਤਾ ਅਤੇ ਮਿਸਰ ਨੇ ਸੁਏਜ਼ ਨਹਿਰ ਤੋਂ ਇਜ਼ਰਾਈਲ ‘ਤੇ ਹਮਲਾ ਕੀਤਾ ਅਤੇ ਤੇਜ਼ੀ ਨਾਲ ਇਜ਼ਰਾਈਲ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ।
ਜਦੋਂ ਇਜ਼ਰਾਈਲ ਨੇ ਅਮਰੀਕਾ ਦੀ ਮਦਦ ਮੰਗੀ ਤਾਂ ਸੋਵੀਅਤ ਯੂਨੀਅਨ ਮਿਸਰ ਅਤੇ ਸੀਰੀਆ ਦੇ ਪੱਖ ਵਿੱਚ ਖੜਾ ਹੋ ਗਿਆ ਅਤੇ ਜੰਗ ਹੋਰ ਤਿੱਖ਼ੀ ਹੋ ਗਈ।
ਕਈ ਦਿਨਾਂ ਤੱਕ ਚੱਲੇ ਇਸ ਸੰਘਰਸ਼ ਤੋਂ ਬਾਅਦ ਇਜ਼ਰਾਈਲ ਨੂੰ ਸਿਨਾਈ ਸੂਬੇ ਤੋਂ ਆਪਣੀ ਫੌਜ ਪੂਰੀ ਤਰ੍ਹਾਂ ਪਿੱਛੇ ਹਟਾਉਣੀ ਪਈ ਸੀ।
ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਈਲ ਦੇ ਖ਼ਿਲਾਫ਼ ‘ਅਲ-ਅਕਸਾ ਸਟ੍ਰਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ।
ਇੱਕ ਪਾਸੇ ਹਮਾਸ ਨੇ ਇਜ਼ਰਾਈਲ ‘ਤੇ ਹਜ਼ਾਰਾਂ ਰਾਕੇਟ ਦਾਗੇ, ਜਦਕਿ ਦੂਜੇ ਪਾਸੇ ਇਸ ਦੇ ਲੜਾਕੇ ਕਈ ਥਾਵਾਂ ਤੋਂ ਸਰਹੱਦ ਪਾਰ ਕਰਕੇ ਜ਼ਮੀਨੀ ਰਸਤੇ ਰਾਹੀਂ ਇਜ਼ਰਾਈਲ ‘ਚ ਦਾਖਲ ਹੋ ਗਏ।
ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਇਸ ਹਮਲੇ ਕਾਰਨ ਇਜ਼ਰਾਈਲ ਵਿੱਚ 250 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਮਾਸ ਨੇ ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਲਿਆ ਹੈ।
ਗਾਜ਼ਾ ਵਿੱਚ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ 250 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਤਸਵੀਰ ਸਰੋਤ,REUTERS/AMIR COHEN
ਸ਼ਨੀਵਾਰ ਸਵੇਰੇ ਅਚਾਨਕ ਹੋਇਆ ਹਮਲਾ
ਹਾਲ ਹੀ ਦੇ ਦਿਨਾਂ ਵਿੱਚ ਗਾਜ਼ਾ ਪੱਟੀ ‘ਤੇ ਤਣਾਅ ਵਧਣਾ ਸ਼ੁਰੂ ਹੋ ਗਿਆ ਸੀ, ਪਰ ਲੋਕਾਂ ਦਾ ਮੰਨਣਾ ਸੀ ਕਿ ਨਾ ਤਾਂ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ, ਨਾ ਹੀ ਗਾਜ਼ਾ ਦਾ ਪ੍ਰਸ਼ਾਸਨ ਦੇਖ ਰਹੇ ਇਸਲਾਮੀ ਸਮੂਹ ਅਤੇ ਨਾ ਹੀ ਇਜ਼ਰਾਈਲ ਇਸ ਨੂੰ ਵਧਾ ਕਿ ਹਥਿਆਰੀ ਜੰਗ ਦਾ ਰੂਪ ਦੇਣਾ ਚਾਹੁੰਦੇ ਹਨ।
ਪਰ ਹਮਾਸ ਇਸ ਸਬੰਧੀ ਇੱਕ ਬਹੁਤ ਹੀ ਗੁੰਝਲਦਾਰ ਅਤੇ ਯੋਜਨਾਬੱਧ ਮੁਹਿੰਮ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਉਸ ਨੇ ਸ਼ਨੀਵਾਰ ਸਵੇਰੇ ਇਸ ਯੋਜਨਾ ਨੂੰ ਅੰਜਾਮ ਦਿੱਤਾ ਅਤੇ ਇਜ਼ਰਾਈਲ ‘ਤੇ ਰਾਕਟਾਂ ਦੀ ਬਾਰਿਸ਼ ਕੀਤੀ।
ਇਸ ਨੇ ਇਜ਼ਰਾਈਲ ‘ਤੇ 7 ਹਜ਼ਾਰ ਤੋਂ ਵੱਧ ਰਾਕੇਟ ਦਾਗ਼ੇ ਜਾਣ ਦਾ ਦਾਅਵਾ ਕੀਤਾ ਹੈ।
ਕੁਝ ਰਾਕੇਟ ਯੇਰੂਸ਼ਲਮ ਅਤੇ ਤੇਲ ਅਵੀਵ ਤੱਕ ਪਹੁੰਚ ਗਏ। ਦੂਜੇ ਪਾਸੇ ਫ਼ਲਸਤੀਨੀ ਲੜਾਕੇ ਜ਼ਮੀਨ ਅਤੇ ਸਮੁੰਦਰ ਰਾਹੀਂ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ।
ਕਈ ਘੰਟਿਆਂ ਤੱਕ ਇਨ੍ਹਾਂ ਲੜਾਕਿਆਂ ਨੇ ਇਜ਼ਰਾਈਲੀ ਸ਼ਹਿਰਾਂ ਅਤੇ ਫ਼ੌਜ ਦੀਆਂ ਚੌਕੀਆਂ ‘ਤੇ ਕਬਜ਼ਾ ਕਰ ਲਿਆ।
ਉਨ੍ਹਾਂ ਨੇ ਇਜ਼ਰਾਈਲ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਮਾਰ ਮੁਕਾਇਆ ਅਤੇ ਬਹੁਤ ਸਾਰੇ ਆਮ ਇਜ਼ਰਾਈਲੀਆਂ ਅਤੇ ਫੌਜੀਆਂ ਨੂੰ ਬੰਧਕ ਬਣਾ ਲਿਆ ਅਤੇ ਗਾਜ਼ਾ ਆਪਣੇ ਨਾਲ ਲੈ ਗਏ।
ਸ਼ਨੀਵਾਰ ਨੂੰ ਦਿਨ ਭਰ ਹਮਾਸ ਦੇ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮਦੇ ਰਹੇ ਅਤੇ ਮੁੱਖ ਧਾਰਾ ਮੀਡੀਆ ’ਤੇ ਇਸ ਖਬਰ ਨੂੰ ਲਾਈਵ ਕਵਰ ਕੀਤਾ ਜਾ ਰਿਹਾ ਸੀ।
ਹਜ਼ਾਰਾਂ ਇਜ਼ਰਾਈਲੀ ਨਾਗਰਿਕ ਜੋ ਰਾਤ ਨੂੰ ਗਾਜ਼ਾ ਨਾਲ ਲੱਗਦੀ ਸਰਹੱਦ ਨੇੜੇ ਇੱਕ ਪਾਰਟੀ ਲਈ ਇਕੱਠੇ ਹੋਏ ਸਨ, ਉਸ ਵੇਲੇ ਹੈਰਾਨ ਰਹਿ ਗਏ ਜਦੋਂ ਅਚਾਨਕ ਹਮਲੇ ਹੇਠ ਆ ਗਏ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਖੁੱਲ੍ਹੇ ਮੈਦਾਨ ‘ਚ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ।

ਤਸਵੀਰ ਸਰੋਤ,THE JERUSALEM POST @X
ਗਿਲੀ ਯੋਸਕੋਵਿਚ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਥਿਆਰਬੰਦ ਲੜਾਕਿਆਂ ਤੋਂ ਆਪਣੀ ਜਾਨ ਬਚਾਉਣ ਲਈ ਦਰੱਖਤਾਂ ਦੇ ਪਿੱਛੇ ਲੁਕ ਗਈ ਸੀ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਲੱਭ ਰਹੇ ਸਨ।
ਉਨ੍ਹਾਂ ਨੇ ਕਿਹਾ, “ਉਹ ਇੱਕ ਦਰੱਖਤ ਤੋਂ ਦੂਜੇ ਦਰੱਖਤ ਵੱਲ ਜਾ ਰਹੇ ਸਨ ਅਤੇ ਗੋਲੀਆਂ ਚਲਾ ਰਹੇ ਸਨ। ਉਹ ਦੋਵੇਂ ਪਾਸਿਓਂ ਗੋਲੀਆਂ ਚਲਾ ਰਹੇ ਸਨ। ਮੈਂ ਹਰ ਪਾਸੇ ਲਾਸ਼ਾਂ ਪਈਆਂ ਦੇਖੀਆਂ।”
“ਮੈਂ ਆਪਣੇ ਆਪ ਨੂੰ ਕਿਹਾ ‘ਕੋਈ ਗੱਲ ਨਹੀਂ, ਮੈਂ ਮਰਨ ਵਾਲੀ ਹਾਂ। ਬੱਸ ਸਾਹ ਲਓ ਅਤੇ ਆਪਣੀਆਂ ਅੱਖਾਂ ਬੰਦ ਕਰੋ।’
“ਉਹ ਹਰ ਪਾਸੇ ਗੋਲੀਆਂ ਚਲਾ ਰਹੇ ਸਨ। ਉਹ ਮੇਰੇ ਬਹੁਤ ਨੇੜੇ ਸਨ।”
ਇਜ਼ਰਾਈਲ ਦੇ ਹਾਯੋਮ ਅਖ਼ਬਾਰ ਨੇ ਕਿਬੁਤਜ਼ ਬੇਰੀ ਵਿੱਚ ਰਹਿਣ ਵਾਲੀ ਇੱਕ ਔਰਤ ਏਲਾ ਨਾਲ ਗੱਲ ਕੀਤੀ।
ਏਲਾ ਦਾ ਕਹਿਣਾ ਹੈ ਕਿ ਜਦੋਂ ਰਾਕੇਟ ਹਮਲੇ ਦਾ ਸਾਇਰਨ ਵੱਜਿਆ ਤਾਂ ਉਸ ਦੇ ਪਿਤਾ ਨੇ ਸੁਰੱਖਿਅਤ ਥਾਂ ‘ਤੇ ਪਨਾਹ ਲਈ ਸੀ।
ਉਹ ਕਹਿੰਦੇ ਹਨ, “ਉਨ੍ਹਾਂ ਨੇ ਮੈਨੂੰ ਸੁਨੇਹਾ ਭੇਜਿਆ ਕਿ ਅੱਤਵਾਦੀ ਪਨਾਹਗਾਹ ਵਿੱਚ ਦਾਖਲ ਹੋ ਗਏ ਹਨ। ਮੈਂ ਟੈਲੀਗ੍ਰਾਮ ‘ਤੇ ਉਨ੍ਹਾਂ ਦੀਆਂ ਤਸਵੀਰਾਂ ਦੇਖੀਆਂ, ਜੋ ਗਾਜ਼ਾ ਦੇ ਅੰਦਰ ਲਈਆਂ ਗਈਆਂ ਸਨ। ਮੈਂ ਅਜੇ ਵੀ ਗੋਲੀਬਾਰੀ ਦੀ ਆਵਾਜ਼ ਸੁਣ ਰਹੀ ਸੀ।”





