ਸ਼ੋਸ਼ਲ ਮੀਡੀਆ ਦੇ ਹੋਈ ਤਲਖ਼ੀ ਪਿੱਛੋਂ ਪਿੰਡ ਖੋਸਾ ਕੋਟਲਾ ’ਚ ਹੋਈ ਖ਼ੂਨੀ ਝੜੁਪ ’ਚ ਸਰਪੰਚ ਤੇ ਉਸ ਦੇ ਸਾਥੀ ਦੀ ਜਾਨ ਚਲੇ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਥਾਣਾ ਕੋਟ ਈਸੇ ਖਾਂ ਦੇ ਪਿੰਡ ਖੋਸਾ ਕੋਟਲਾ ’ਚ ਪੰਚਾਇਤੀ ਝਗੜਾ ਚੱਲ ਰਿਹਾ ਸੀ।
ਥਾਣਾ ਕੋਟ ਈਸੇ ਖਾਂ ਵਿਚ ਦਰਜ ਕਰਵਾਈ ਗਈ ਐੱਫਆਈਆਰ ਅਨੁਸਾਰ ਕਾਂਗਰਸ ਨਾਲ ਸਬੰਧਿਤ ਕਾਰਜਕਾਰੀ ਸਰਪੰਚ ਵੀਰ ਸਿੰਘ ਆਪਣੇ ਦੋ-ਤਿੰਨ ਸਾਥੀਆਂ ਨਾਲ ਸ਼ੁੱਕਰਵਾਰ ਸਵੇਰੇ ਸੱਤ ਵਜੇ ਸੈਰ ਕਰਨ ਲਈ ਨਿਕਲਿਆ ਸੀ। ਇਸ ਦੌਰਾਨ ਦੂਜੀ ਧਿਰ ਦੇ ਲੋਕ ਦੋ ਕਾਰਾਂ ਅਤੇ ਤਿੰਨ-ਚਾਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਸਰਪੰਚ ਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਗੋਲ਼ੀਆਂ ਲੱਗਣ ਕਾਰਨ ਸਰਪੰਚ ਵੀਰ ਸਿੰਘ (65) ਤੇ ਉਸ ਦੇ ਸਾਥੀ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦਾ ਇਕ ਹੋਰ ਸਾਥੀ ਤਰਨਪਾਲ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਦਕਿ ਦੂਜੀ ਧਿਰ ਦੇ ਸੁਰਿੰਦਰ ਸਿੰਘ ਛਿੰਦੀ ਅਤੇ ਮਲਕੀਤ ਸਿੰਘ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਵੀਰ ਸਿੰਘ ਤੇ ਪਿੰਡ ਦੇ ਪੰਚਾਇਤ ਮੈਂਬਰ ਗੁਰਚਰਨ ਸਿੰਘ ਉਰਫ਼ ਸੁਖਦੇਵ ਸਿੰਘ ਸੇਬੂ ਵਿਚਕਾਰ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਵਾਰਦਾਤ ਸਬੰਧੀ ਪੁਲਿਸ ਨੇ ਮ੍ਰਿਤਕ ਸਰਪੰਚ ਦੀ ਨੂੰਹ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ ਗੁਰਚਰਨ ਸਿੰਘ ਉਰਫ਼ ਸੁਖਦੇਵ ਸਿੰਘ, ਸੁਰਿੰਦਰ ਸਿੰਘ ਛਿੰਦੀ, ਗੁਰਜੀਤ ਸਿੰਘ, ਰਾਜੂ ਖ਼ਾਲਸਾ, ਜਗਰਾਜ ਸਿੰਘ ਸਾਬਕਾ ਸਰਪੰਚ, ਡਾ. ਪ੍ਰੀਤ, ਜੀਤਾ ਸਿੰਘ, ਮਲਕੀਤ ਸਿੰਘ ਮੀਤਾ, ਰਣਜੀਤ ਸਿੰਘ ਭਾਗ ਸਿੰਘ ਸਮੇਤ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।






