ਅਮਰੀਕਾ ’ਚ ਮੇਨ ਸੂਬੇ ਦੇ ਲੈਵਿਸਟਨ ਸ਼ਹਿਰ ’ਚ 18 ਲੋਕਾਂ ਦੀ ਹੱਤਿਆ ਤੋਂ ਬਾਅਦ ਫਰਾਰ ਰਿਜ਼ਰਵ ਫੌਜੀ ਰਾਬਰਟ ਕਾਰਡ ਦੀ ਤਲਾਸ਼ ਜ਼ਮੀਨ ਤੇ ਪਾਣੀ ਦੋਵਾਂ ’ਚ ਸਰਗਰਮੀ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ 24 ਘੰਟੇ ਬੀਤ ਜਾਣ ਦੇ ਬਾਅਦ ਵੀ ਮੁਲਜ਼ਮ ਫੌਜੀ ਦਾ ਸੁਰਾਗ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਤੋਂ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਵੀਰਵਾਰ ਨੂੰ ਸੂਬੇ ਦੇ ਵਧੇਰੇ ਸਕੂਲ, ਦੁਕਾਨਾਂ ਤੇ ਸ਼ਾਪਿੰਗ ਮੌਲ ਬੰਦ ਰਹੇ ਤੇ ਗਲੀਆਂ ਸੁੰਨੀਆਂ ਰਹੀਆਂ। ਅਮਰੀਕੀ ਰਿਜ਼ਰਵ ਸੈਨਿਕ ਰਾਬਰਟ ਕਾਰਡ ਨੇ ਬੁੱਧਵਾਰ ਦੀ ਰਾਤ ਲੈਵਿਸਟਨ ਸ਼ਹਿਰ ਦੇ ਇਕ ਬਾਰ ਤੇ ਬਾਲਿੰਗ ਐਲੀ ’ਚ ਅੰਨ੍ਹੇਵਾਹ ਫਾਇਰਿੰਗ ਕਰ ਕੇ 18 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਮਲੇ ’ਚ 13 ਲੋਕ ਜ਼ਖਮੀ ਵੀ ਹੋ ਗਏ ਸਨ
ਮੇਨ ਸੂਬੇ ਦੀ ਪੁਲਿਸ ਦੇ ਕਰਨਲ ਵਿਲੀਅਸ ਰਾਸ ਨੇ ਦੱਸਿਆ ਕਿ ਅੱਠ ਪੀੜਤਾਂ ਦੀ ਪਛਾਣ ਹੋ ਚੁੱਕੀ ਹੈ। ਦਸ ਮਿ੍ਰਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਲੇ ’ਚ ਜ਼ਖਮੀ ਹੋਏ 13 ਲੋਕਾਂ ’ਚੋਂ ਤਿੰਨ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਮੁਲਜ਼ਮ ਦੇ ਖਿਲਾਫ ਹੱਤਿਆ ਦੇ ਅੱਠ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਮੁਲਜ਼ਮ ਦੀ ਭਾਲ ’ਚ ਪੁਲਿਸ ਨੇ ਕਈ ਘਰਾਂ ਤੇ ਸੰਭਾਵੀ ਸਥਾਨਾਂ ਦੀ ਤਲਾਸ਼ੀ ਲਈ ਹੈ। ਕਾਰਡ ਦੀ ਖੋਜ ’ਚ ਪੁਲਿਸ ਪੇਂਡੂ ਖੇਤਰ ਬਾਡਾਇਨ ਸਥਿਤ ਉਸਦੇ ਰਿਸ਼ਤੇਦਾਰ ਦੇ ਸਥਾਨ ’ਤੇ ਵੀ ਪੁੱਜੀ। ਇਥੇ ਘੰਟਿਆਂਬੱਧੀ ਮਾਈਕ ਤੋਂ ਆਤਮਸਮਰਪਣ ਦਾ ਐਲਾਨ ਕਰਨ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਾ ਲੱਗਾ। ਕਾਰਡ ਦੀ ਭਾਲ ’ਚ ਤੱਟਰੱਖਿਅਕ ਫੋਰਸਾਂ ਨੇ ਵੀ ਕੈਨਬੇਕ ਨਦੀ ’ਚ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਕਾਰਡ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸ ਦੌਰਾਨ ਲਿਸਬਨ ਸ਼ਹਿਰ ’ਚ ਐਂਡ੍ਰੋਸਕਾਗਿਨ ਨਦੀ ਦੇ ਨੇੜੇ ਕਾਰ ਬਰਾਮਦ ਹੋਈ ਹੈ, ਜੋ ਸੰਭਾਵੀ ਤੌਰ ’ਤੇ ਕਾਰਡ ਦੀ ਹੈ। ਹਾਲਾਂਕਿ ਹੁਣ ਕਾਰਡ ਦੀ 15 ਫੁੱਟ ਦੀ ਬੋਟ ਦਾ ਸੁਰਾਗ ਨਹੀਂ ਲੱਗ ਸਕਿਆ ਹੈ।






