ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ 19 ਮੋਬਾਈਲ ਫੋਨ ਜੇਲ੍ਹ ਪ੍ਰਸ਼ਾਸਨ ਦੇ ਹੱਥ ਲੱਗੇ ਹਨ। ਜਦੋਂਕਿ ਇਸ ਸਬੰਧੀ ਥਾਣਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਦੋ ਮੁਕੱਦਮੇ ਦਰਜ ਕਰ ਕੇ ਅੱਠ ਹਵਾਲਾਤੀਆਂ ਨੂੰ ਕੇਸਾਂ ‘ਚ ਨਾਮਜ਼ਦ ਕੀਤਾ ਗਿਆ ਹੈ। ਜੇਲ੍ਹ ‘ਚੋਂ ਹੋਈ ਇਹ ਬਰਾਮਦਗੀ ਪਹਿਲੀ ਨਹੀਂ ਹੈ, ਬਲਕਿ ਆਏ ਦਿਨ ਇਥੋਂ ਮੋਬਾਈਲ ਫੋਨ ਤੇ ਹੋਰ ਗ਼ੈਰ ਕਾਨੂੰਨੀ ਵਸਤੂਆਂ ਬਰਾਮਦ ਹੁੰਦੀਆਂ ਰਹਿੰਦੀਆਂ ਹਨ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੀ ਵਾਰਡ ਨੰਬਰ 8, 10 ਤੇ 13 ‘ਚੋਂ 17 ਮੋਬਾਈਲ ਫੋਨ ਬਰਾਮਦ ਹੋਏ ਹਨ। ਜਿਸ ਸਬੰਧੀ ਸਤਿੰਦਰ ਸਾਜਨ ਪੁੱਤਰ ਸਰਬਜੀਤ ਸਿੰਘ ਵਾਸੀ ਪੱਟੀ, ਸੁਖਵਿੰਦਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਲੋਹਾਰਕਾ ਅੰਮਿ੍ਤਸਰ, ਕਰਨ ਦੇਵਗਨ ਪੁੱਤਰ ਰਕੇਸ਼ ਕੁਮਾਰ ਵਾਸੀ ਛੇਹਰਟਾ, ਵਿਕਰਮ ਪੁੱਤਰ ਰਾਜ ਵਾਸੀ ਫਾਤੋਵਾਲ ਹਿਤਾਰ ਫਿਰੋਜ਼ਪੁਰ, ਨਿਸ਼ਾਨ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਕੋਟ ਧਰਮ ਚੰਦ, ਬਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਨੰਦਪੁਰੀ ਲੁਧਿਆਣਾ, ਮਨਪ੍ਰਰੀਤ ਸਿੰਘ ਪੱਤਰ ਬਲਵਿੰਦਰ ਸਿੰਘ ਵਾਸੀ ਕੋਟ ਖਾਲਸਾ ਅੰਮਿ੍ਤਸਰ ਖ਼ਿਲਾਫ਼ ਥਾਣਾ ਕੇਂਦਰੀ ਜੇਲ੍ਹ ‘ਚ ਕਾਰਵਾਈ ਲਈ ਲਿਖਿਆ ਗਿਆ ਹੈ। ਇਸੇ ਤਰ੍ਹਾਂ ਹੀ ਵਾਰਡ ਨੰਬਰ 13 ‘ਚੋਂ ਇਕ ਸੈਮਸੰਗ ਕੰਪਨੀ ਦਾ ਕੀਪੈਡ ਵਾਲਾ ਫੋਨ ਸਣੇ ਵੀਆਈ ਦੀ ਸਿਮ ਤੇ ਏਸ ਕੰਪਨੀ ਦੀ ਕੀਪੈਡ ਵਾਲਾ ਫੋਨ ਬਿਨਾ ਸਿਮ ਕਾਰਡ ਦੇ ਬਰਾਮਦ ਹੋਇਆ ਹੈ।
ਇਸ ਸਬੰਧੀ ਗੁਰਭੇਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧਾਰੜ ਅੰਮਿ੍ਤਸਰ ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਲਈ ਸ਼ਿਕਾਇਤ ਪੱਤਰ ਥਾਣੇ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਏਐੱਸਆਈ ਬਲਵਿੰਦਰ ਸਿੰਘ ਤੇ ਏਐੱਸਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ‘ਚੋਂ ਮਿਲੇ ਮੋਬਾਈਲ ਫੋਨ ਕਬਜ਼ੇ ‘ਚ ਲੈ ਕੇ ਜੇਲ੍ਹ ਅਧਿਕਾਰੀਆਂ ਵੱਲੋਂ ਦੱਸੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।






