ਤਿੰਨ ਸਾਲ ਪਹਿਲਾਂ ਅਕਾਲੀ ਨੇਤਾ ਅਨਵਰ ਮਸੀਹ (Anwar Masih) ਦੀ ਕੋਠੀ ’ਚੋਂ ਬਰਾਮਦ ਕੀਤੀ 193 ਕਿੱਲੋ ਹੈਰੋਇਨ ਦੇ ਮਾਮਲੇ ਵਿਚ ਗੁਜਰਾਤ ਪੁਲਿਸ (Gujarat Police) ਹਾਈ ਪ੍ਰੋਫਾਈਲ 12 ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਸ਼ਨਿਚਰਵਾਰ ਦੀ ਸਵੇਰੇ ਅਦਾਲਤ ‘ਚ ਪੇਸ਼ੀ ਲਈ ਲੈ ਕੇ ਪੁੱਜੀ। ਜਸਟਿਸ ਦਰਬਾਰੀ ਲਾਲ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਬਾਅਦ ਅਗਲੀ ਤਰੀਕ 25 ਦਸੰਬਰ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਹੈਰੋਇਨ ਦੇ ਉਕਤ ਵੱਡੇ ਮਾਮਲੇ ਦੀ ਜਾਂਚ ਐੱਨਆਈਏ ਤੋਂ ਇਲਾਵਾ ਪੰਜਾਬ ਪੁਲਿਸ ਵੀ ਕਰ ਰਹੀ ਹੈ। ਗੁਜਰਾਤ ਪੁਲਿਸ ਸ਼ਨਿਚਰਵਾਰ ਸਵੇਰੇ ਦੋ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨਾਲ ਮਾਮਲੇ ਦੇ ਮੁਲਜ਼ਮ ਅਕਾਲੀ ਨੇਤਾ ਅਨਵਰ ਮਸੀਹ, ਸੁਖਬੀਰ ਸਿੰਘ ਉਰਫ ਹੈਪੀ, ਮਨਵਰ ਮਸੀਹ, ਰਜਾਕ, ਸੁਨੀਲ, ਸਾਹਿਲ, ਇੰਦਰੇਸ਼, ਅਫਗਾਨੀ ਨਾਗਰਿਕ ਅਰਮਾਨ ਬਸ਼ਅਰਮਲ, ਮਨਜੀਤ ਸਿੰਘ, ਤਮੰਨਾ ਗੁਪਤਾ, ਮੇਜਰ ਸਿੰਘ, ਸੁਖਵਿੰਦਰ ਸਿੰਘ ਨੂੰ ਲੈ ਕੇ ਪੁੱਜੀ ਸੀ।
ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ 30 ਜਨਵਰੀ 2020 ਨੂੰ ਸਪੈਸ਼ਲ ਟਾਸਕ ਫੋਰਸ ਦੇ ਡੀਐੱਸਪੀ ਵਵਿੰਦਰ ਮਹਾਜਨ ਨੇ ਅਕਾਲੀ ਨੇਤਾ ਅਨਵਰ ਮਸੀਹ ਦੀ ਆਕਾਸ਼ ਐਵੇਨਿਊ ਵਾਲੀ ਕੋਠੀ ’ਚੋਂ ਹੈਰੋਇਨ ਬਣਾਉਣ ਵਾਲੀ ਫੈਕਟਰੀ ਫੜੀ ਸੀ। ਮਾਮਲੇ ਵਿਚ ਮੁਲਜ਼ਮਾਂ ਨੇ ਅਫਗਾਨਿਸਤਾਨ ਤੋਂ ਖਾਸ ਤੌਰ ’ਤੇ ਅਰਮਾਨ ਬਸ਼ਅਰਮਲ ਨੂੰ ਬੁਲਾਇਆ ਸੀ ਜੋ ਹੈਰੋਇਨ ਬਣਾਉਣ ਦੀ ਤਕਨੀਕ ਜਾਣਦਾ ਸੀ। ਪੁਲਿਸ ਨੇ ਜਾਂਚ ਦੌਰਾਨ ਕੈਮੀਕਲ ਦੇ ਡਰੰਮ, 193 ਕਿੱਲੋ ਹੈਰੋਇਨ, ਵੱਡੀ ਮਾਤਰਾ ਵਿਚ ਨਸ਼ੀਲਾ ਪਾਉਡਰ ਬਰਾਮਦ ਕੀਤਾ ਸੀ। ਐੱਸਟੀਐੱਫ ਨੂੰ ਪਤਾ ਲੱਗਾ ਸੀ ਕਿ ਉਕਤ ਹੈਰੋਇਨ ਦੀ ਖੇਪ ਪਾਕਿਸਤਾਨ ਦੇ ਕਰਾਚੀ ਤੋਂ ਸਮੁੰਦਰੀ ਮਾਰਗ ਰਾਹੀਂ ਗੁਜਰਾਤ ਦੇ ਕੱਛ ਇਲਾਕੇ ਵਿਚ ਪੁੱਜੀ ਸੀ। ਇਸ ਨੂੰ ਦੋ ਹਿੱਸਿਆਂ ਵਿਚ ਪੰਜਾਬ ਸੜਕ ਮਾਰਗ ਰਾਹੀਂ ਲਿਆਂਦਾ ਗਿਆ ਸੀ। ਇਸ ਮਾਮਲੇ ਨੂੰ ਬਾਅਦ ਵਿਚ ਕੌਮੀ ਜਾਂਚ ਏਜੰਸੀ ਨੇ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸਾਰੇ ਮੁਲਜ਼ਮ 7 ਨਵੰਬਰ 2022 ਤੋਂ ਗੁਜਰਾਤ ਜੇਲ੍ਹ ਵਿਚ ਹੀ ਬੰਦ ਹਨ।






