ਐੱਸਟੀਐੱਫ ਦੀ ਟੀਮ ਨੇ 950 ਗ੍ਰਾਮ ਹੈਰੋਇਨ ਸਮੇਤ ਕੁਲਦੀਪ ਨਗਰ ਬਸਤੀ ਜੋਧੇਵਾਲ ਦੇ ਵਾਸੀ ਕੁਸ਼ਾਲ ਉਰਫ ਕਾਲੀ ਤੇ ਰਾਜੂ ਕਾਲੋਨੀ ਟਿੱਬਾ ਰੋਡ ਦੇ ਰਹਿਣ ਵਾਲੇ ਸਨੀ ਉਰਫ ਸਨੀ ਕਬਾੜੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੇ ਦੌਰਾਨ ਜਦ ਟਿੱਬਾ ਰੋਡ ਦੀ ਗਊਸ਼ਾਲਾ ਕੋਲ ਸਕੂਟਰ ਸਵਾਰ ਦੋਵਾਂ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਸਕੂਟਰ ਚੋਂ 950 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਤੇ 40 ਖਾਲੀ ਲਿਫ਼ਾਫ਼ੇ ਬਰਾਮਦ ਕੀਤੇ ਗਏ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਦ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਕੇਂਦਰੀ ਜੇਲ੍ਹ ‘ਚ ਬੰਦ ਇੱਕ ਵਿਅਕਤੀ ਨਾਲ ਫੋਨ ‘ਤੇ ਗੱਲ ਕਰਦੇ ਸਨ ਤੇ ਉਸ ਵਿਅਕਤੀ ਦੇ ਭੇਜੇ ਗਏ ਗੁਰਗੇ ਕੋਲੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪੁੱਛਗਿਛ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਪੇ੍ਮਿਕਾ ਨਾਲ ਮਿਲ ਕੇ ਕਰਦਾ ਸੀ ਹੈਰੋਇਨ ਦੀ ਤਸਕਰੀ
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੱੁਢਲੀ ਪੁੱਛਗਿੱਛ ਦੌਰਾਨ ਕੁਸ਼ਾਲ ਕੁਮਾਰ ਨੇ ਮੰਨਿਆ ਹੈ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਆਪਣੀ ਪੇ੍ਮਿਕਾ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ। ਉਸ ਖ਼ਿਲਾਫ਼ ਇੱਕ ਗੈਂਬਿਲੰਗ ਐਕਟ ਦਾ ਮੁਕੱਦਮਾ ਵੀ ਦਰਜ ਹੈ। ਇਸੇ ਤਰ੍ਹਾਂ ਮੁਲਜ਼ਮ ਸਨੀ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਨ ਦੇ ਨਾਲ-ਨਾਲ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਇਹ ਵੀ ਸਾਫ ਹੋਇਆ ਕਿ ਮੁਲਜ਼ਮ ਸਨੀ ਲੰਬੇ ਸਮੇਂ ਤੋਂ ਹੈਰੋਇਨ ਦੇ ਨਸ਼ਾ ਕਰਨ ਦਾ ਆਦੀ ਸੀ। ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਹੋਰ ਜਾਣਕਾਰੀਆਂ ਹਾਸਲ ਕਰੇਗੀ।






