ਐਤਵਾਰ ਨੂੰ ਸੰਘਣੀ ਧੁੰਦ ਵਿਚਾਲੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜਿਆ ਹੋਇਆ ਹੈ। ਸਵੇਰੇ ਦਸ ਵਜੇ ਤਕ ਸੰਘਣੀ ਧੁੰਦ ਛਾਈ ਰਹਿੰਦੀ ਹੈ। ਕਈ ਜ਼ਿਲ੍ਹਿਆਂ ‘ਚ ਸਵੇਰੇ 8.30 ਵਜੇ ਤਕ ਵਿਜ਼ੀਬਿਲਟੀ ਦਸ ਤੋਂ ਵੀਹ ਮੀਟਰ ਦੇ ਵਿਚਕਾਰ ਰਹੀ। ਜਦਕਿ ਲੁਧਿਆਣਾ ‘ਚ ਕੁਝ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ਰਹੀ। ਦੂਜੇ ਪਾਸੇ ਪੰਜਾਬ ‘ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਸਭ ਤੋਂ ਠੰਢਾ ਰਿਹਾ। ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤਕ ਪਹੁੰਚ ਗਿਆ। ਇਸ ਤੋਂ ਇਲਾਵਾ ਲੁਧਿਆਣਾ ਤੇ ਚੰਡੀਗੜ੍ਹ ‘ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਸੈਲਸੀਅਸ ਰਿਹਾ। ਫਤਿਹਗੜ੍ਹ ਸਾਹਿਬ ‘ਚ 3.6 ਡਿਗਰੀ ਸੈਲਸੀਅਸ, ਫਰੀਦਕੋਟ ਤੇ ਗੁਰਦਾਸਪੁਰ ‘ਚ ਤਾਪਮਾਨ 4.0 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਅਗਲੇ ਚਾਰ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ। ਇਸ ਮੁਤਾਬਕ ਬੁੱਧਵਾਰ ਤਕ ਸਵੇਰੇ ਤੇ ਸ਼ਾਮ ਨੂੰ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਸੀਤ ਲਹਿਰ ਕਾਰਨ ਦਿਨਭਰ ਠੰਢ ਦਾ ਅਹਿਸਾਸ ਰਹੇਗਾ। ਹਾਲਾਂਕਿ, ਇਸ ਸਮੇਂ ਦੌਰਾਨ ਤਾਪਮਾਨ ‘ਚ ਕੁਝ ਗਿਰਾਵਟ ਦੇਖੀ ਜਾ ਸਕਦੀ ਹੈ।






