ਅੰਮ੍ਰਿਤਸਰ (ਦਿਹਾਤੀ) ਦੇ ਸੀਆਈਏ ਸਟਾਫ ਨੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਦੇ ਸਾਥੀ ਸਾਹਿਲ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਦੋ ਪਿਸਤੌਲ, ਨੌਂ ਕਾਰਤੂਸ ਅਤੇ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਵਿਚ ਹੈਪੀ ਜੱਟ ਦੇ ਦੋ ਸਾਥੀ ਰਾਹੁਲ ਤੇ ਗਗਨਦੀਪ ਸਿੰਘ ਉਰਫ਼ ਗਗਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਸੀਆਈਏ ਸਟਾਫ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਾਹਿਲ ਪੁਲਿਸ ਨੂੰ ਦੇਖ ਕੇ ਹਿਮਾਚਲ ਪ੍ਰਦੇਸ਼ ਦੇ ਮਾਤਾ ਜਵਾਲਾ ਜੀ ਇਲਾਕੇ ਵਿਚ ਲੁਕਿਆ ਹੋਇਆ ਹੈ। ਇਸ ਦੇ ਆਧਾਰ ’ਤੇ ਪੁਲਿਸ ਨੇ ਹਿਮਾਚਲ ’ਚ ਛਾਪੇਮਾਰੀ ਕਰ ਕੇ ਇਕ ਹੋਟਲ ’ਚ ਲੁਕੇ ਸਾਹਿਲ ਨੂੰ ਫੜ ਲਿਆ। ਤਲਾਸ਼ੀ ਦੌਰਾਨ ਸਾਹਿਲ ਦੇ ਕਬਜ਼ੇ ’ਚੋਂ ਦੋ ਪਿਸਤੌਲ ਵੀ ਬਰਾਮਦ ਹੋਏ। ਬਾਅਦ ’ਚ ਉਸ ਦੀ ਸੂਚਨਾ ’ਤੇ ਜੰਡਿਆਲਾ ਗੁਰੂ ਦੇ ਇਕ ਖਾਲੀ ਘਰ ’ਚੋਂ ਤਿੰਨ ਕਿੱਲੋ ਹੈਰੋਇਨ ਵੀ ਬਰਾਮਦ ਹੋਈ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਹੈਪੀ ਜੱਟ ਦੇ ਇਸ਼ਾਰੇ ’ਤੇ ਇੱਥੇ ਕਤਲ, ਲੁੱਟਾਂ-ਖੋਹਾਂ ਅਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਹੈਪੀ ਜੱਟ ਦੇ ਇਸ਼ਾਰੇ ’ਤੇ ਅੱਧੀ ਦਰਜਨ ਗੁਰਗੇ ਅੰਮ੍ਰਿਤਸਰ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।






