ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 23 ਵਰ੍ਹੇ ਪਹਿਲਾਂ ਅੱਤਵਾਦ ਦੇ ਕਾਲੇ ਦੌਰ ਵਿਚ ਜਬਰੀ ਚੁੱਕ ਕੇ ਪੁਲਿਸ ਤਸ਼ੱਦਦ ਕਰਨ ਤੋਂ ਲੈ ਕੇ ਮਾਰ-ਮੁਕਾਉਣ ਦੇ ਮਾਮਲੇ ਵਿਚ ਪਰਿਵਾਰ ਵੱਲੋਂ ਜਿਨ੍ਹਾਂ 22 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਸ਼ਿਕਾਇਤ ਕੀਤੀ ਹੈ, ਉਨ੍ਹਾਂ ਵਿਚੋਂ ਬਹੁਤੇ ਤਾਂ ਜਹਾਨੋਂ ਰੁਖ਼ਸਤ ਹੋ ਗਏ ਹਨ।
ਵਰਣਨਯੋਗ ਹੈ ਕਿ ਸ਼ਨਿਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਵਫ਼ਦ ਜਿਸ ਵਿਚ ਐਡਵੋਕੇਟ ਹਰਭਗਵਾਨ ਸਿੰਘ ਸਿਆਲਕਾ, ਐਡਵੋਕੇਟ ਪਰਉਪਕਾਰ ਸਿੰਘ, ਜਨਰਲ ਸਕੱਤਰ ਰਜਿੰਦਰ ਮਹਿਤਾ, ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਐੱਸਜੀਪੀਸੀ ਮੈਂਬਰ ਜਗਜੀਤ ਸਿੰਘ ਤਲਵੰਡੀ, ਅਮਰਜੀਤ ਸਿੰਘ ਚਾਵਲਾ, ਸਾਬਕਾ ਵਿਧਾਇਕ ਐੱਸਆਰ ਕਲੇਰ ਸ਼ਾਮਲ ਸੀ, ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਅਤੇ ਪੁੱਤਰ ਹਰੀ ਸਿੰਘ ਕਾਉਂਕੇ ਨੂੰ ਲੈ ਕੇ ਥਾਣਾ ਸਦਰ ਪੁੱਜੇ। ਉਨ੍ਹਾਂ ਵੱਲੋਂ ਭਾਈ ਕਾਉਂਕੇ ਨੂੰ ਜਬਰੀ ਚੁੱਕਣ, ਨਾਜਾਇਜ਼ ਹਿਰਾਸਤ ਵਿਚ ਰੱਖਣ, ਤਸ਼ੱਦਦ ਕਰਨ ਅਤੇ ਮਾਰ-ਮੁਕਾਉਣ ਦੀ ਸ਼ਿਕਾਇਤ ਕਰਦਿਆਂ 22 ਪੁਲਿਸ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਦਾ ਮਾਮਲਾ ਚਾਹੇ 23 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਲਈ ਚੁੱਕਿਆ ਹੈ ਪਰ ਹਕੀਕਤ ਇਹ ਹੈ ਕਿ ਇਸ ਕੇਸ ਵਿਚ ਭਾਈ ਕਾਉਂਕੇ ’ਤੇ ਤਸ਼ੱਦਦ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਲਈ ਜਿਨ੍ਹਾਂ ਪੁਲਿਸ ਅਫਸਰਾਂ ਦੇ ਨਾਂ ਲਏ ਜਾ ਰਹੇ ਹਨ, ਉਨ੍ਹਾਂ ਵਿਚੋਂ ਬਹੁਤੇ ਜਹਾਨ ਛੱਡ ਗਏ ਹਨ।
ਇਨ੍ਹਾਂ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਲਈ ਦਿੱਤੀ ਸ਼ਿਕਾਇਤ
ਸਾਬਕਾ ਡੀਜੀਪੀ ਸਰਬਜੀਤ ਸਿੰਘ, ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ, ਉਸ ਸਮੇਂ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਛੀਨਾ, ਸਾਬਕਾ ਐੱਸਐੱਸਪੀ ਸਵਰਨ ਸਿੰਘ ਘੋਟਣਾ, ਸਾਬਕਾ ਐੱਸਐੱਸਪੀ ਹਰਿੰਦਰ ਸਿੰਘ ਚਾਹਲ, ਸਾਬਕਾ ਐੱਸਪੀ ਡੀ ਲੁਧਿਆਣਾ ਗੁਰਪ੍ਰੀਤ ਸਿੰਘ ਤੂਰ, ਸਾਬਕਾ ਐੱਸਪੀ ਡੀ ਜਗਰਾਓਂ ਜਸਪਾਲ ਸਿੰਘ ਧਨੋਆ, ਸਾਬਕਾ ਡੀਐੱਸਪੀ ਜਗਰਾਓਂ ਹਰਭਗਵਾਨ ਸਿੰਘ, ਸਾਬਕਾ ਡੀਐੱਸਪੀ ਕੰਵਰਜੀਤ ਸਿੰਘ, ਉਸ ਸਮੇਂ ਦੇ ਐੱਸਐੱਚਓ ਗੁਰਮੀਤ ਸਿੰਘ, ਉਸ ਸਮੇਂ ਦੇ ਇੰਚਾਰਜ ਸੀਆਈਏ ਅਜੀਤ ਸਿੰਘ, ਸਬ-ਇੰਸਪੈਕਟਰ ਗੁਲਜ਼ਾਰ ਸਿੰਘ, ਏਐੱਸਆਈ ਜਗੀਰ ਸਿੰਘ, ਹੌਲਦਾਰ ਜਗਜੀਤ ਸਿੰਘ, ਹੋਮਗਾਰਡ ਕੁਲਦੀਪ ਸਿੰਘ, ਐੱਸਪੀਓ ਭੁਪਿੰਦਰ ਸਿੰਘ, ਸਿਪਾਹੀ ਤਰਸੇਮ ਸਿੰਘ, ਹੋਮਗਾਰਡ ਜਸਵੀਰ ਸਿੰਘ, ਹੋਮਗਾਰਡ ਗੁਰਮੇਲ ਸਿੰਘ, ਹੋਮਗਾਰਡ ਦਰਸ਼ਨ ਸਿੰਘ, ਐੱਸਪੀਓ ਨਵਤੇਜ ਸਿੰਘ, ਏਐੱਸਆਈ ਚੰਨਣ ਸਿੰਘ।
ਸ਼ਿਕਾਇਤ ਦੀ ਪਹਿਲਾਂ ਹੋਵੇਗੀ ਪੜਤਾਲ
ਜਗਰਾਓਂ ਥਾਣਾ ਸਦਰ ਦੇ ਮੁਖੀ ਨਰਿੰਦਰ ਸਿੰਘ ਨੇ ਕਿਹਾ ਕਿ ਭਾਈ ਕਾਉਂਕੇ ਦੀ ਪਤਨੀ ਵੱਲੋਂ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਸਬੰਧੀ ਉੱਚ ਅਧਿਕਾਰੀਆਂ ਨਾਲ ਵਿਚਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਲੀ ਦਰਖ਼ਾਸਤ ਦੀ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।






