ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਪ੍ਰਮੁੱਖ਼ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਐਸਪੀ ਸਰਬਜੀਤ ਸਿੰਘ ਬਾਹੀਆ ਤੇ ਡੀਐਸਪੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੀ ਆਈ ਏ ਸਟਾਫ਼ ਹੁਸ਼ਿਆਰਪੁਰ ਨੂੰ ਬੀਤੀ ਸ਼ਾਮ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਮੁਖੀ ਬਲਵਿੰਦਰ ਪਾਲ ਦੀ ਟੀਮ ਵਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਲੱਖ਼ 99000 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 1160 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ਼ ਦੇ ਇੰਚਾਰਜ ਬਲਵਿੰਦਰ ਪਾਲ ਨੇ ਦੱਸਿਆ ਕਿ ਸ਼ੱਕਰਵਾਰ ਦੀ ਸ਼ਾਮ ਨੂੰ ਥਾਣੇਦਾਰ ਕੌਸ਼ਲ ਚੰਦਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਪੈਲੇਸ ਨਜ਼ਦੀਕ ਮੁਹੱਲਾ ਟਿੱਬਾ ਸਾਹਿਬ ਵਿਚ ਇੱਕ ਵਿਅਕਤੀ ਅਆਪਣੇ ਮੋਟਰ ਸਾਈਕਲ ਨੰਬਰ ਪੀ ਬੀ 07 ਸੀ ਡੀ 4840 ’ਤੇ ਸਵਾਰ ਹੋ ਕੇ ਵੱਡੇ ਪੱਧਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁੰਰਤ ਉਸ ਨੂੰ ਕਾਬੂ ਕਰਕੇ ਉਸ ਕੋਲੋਂ 570 ਨਸ਼ੀਲੀਆਂ ਗੋਲੀਆਂ ਅਤੇ ਇੱਕ ਲੱਖ਼ 58 ਹਜ਼ਾਰ ਦੀ ਨਗਦੀ ਬਰਾਮਦ ਕੀਤੀ। ਕਥਿਤ ਦੋਸ਼ੀ ਦੀ ਪਹਿਚਾਣ ਸ਼ਿਵ ਕੁਮਾਰ ਉਰਫ਼ ਸੰਨੀ ਪੁੱਤਰ ਪ੍ਰੇਮ ਜੀਤ ਵਾਸੀ ਟਿੱਬਾ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੱਛ ਗਿੱਛ ਦੌਰਾਨ ਕਾਬੂ ਕੀਤੇ ਦੋਸ਼ੀ ਨੇ ਇੰਕਸ਼ਾਫ ਕੀਤਾ ਕਿ ਉਹ ਇਹ ਨਸ਼ੀਲਾ ਪਦਾਰਥ ਮਨੀਸ਼ ਕੁਮਾਰ ਉਰਫ਼ ਕਾਲੂ ਪੁੱਤਰ ਮਹਿੰਦਰਪਾਲ ਵਾਸੀ ਨਵੀਂ ਆਬਾਦੀ ਨੇੜੇ ਦੁਸ਼ਹਿਰਾ ਮੈਦਾਨ, ਸਾਹਿਲ ਬੱਤਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਨਿਊ ਸੁਖੀਆਬਾਦ ਅਤੇ ਰਿਤੁਲ ਰਾਜਾ ਪੁੱਤਰ ਰਜਿੰਦਰ ਕੁਮਾਰ ਵਾਸੀ ਅਜੀਤ ਨਗਰ ਹੁਸ਼ਿਆਰਪੁਰ ਕੋਲੋਂ ਖ਼ਰੀਦਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੁਰੰਤ ਨਾਕਾਬੰਦੀ ਕਰਕੇ ਤਿੰਨਾਂ ਨੂੰ ਐਕਟਿਵਾ ਨੰਬਰ ਪੀ ਬੀ 07 ਏ ਵਾਈ 2489 ਕਾਬੂ ਕਰਕੇ ਉਨ੍ਹਾਂ ਕੋਲੋਂ 590 ਨਸ਼ੀਲੀਆਂ ਗੋਲੀਆਂ ਅਤੇ 41400 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਵਿਰੁੱਧ ਕਤਲ ਦਾ, ਸਾਹਿਲ ਬੱਤਾ ਵਿਰੁੱਧ ਵੱਖ਼ ਵੱਖ਼ ਥਾਣਿਆਂ ਵਿਚ ਤਿੰਨ ਜਦਕਿ ਮਨੀਸ਼ ਕੁਮਾਰ ਵਿਰੁੱਧ ਦੋ ਮਾਮਲੇ ਦਰਜ ਹਨ ਜਦਕਿ ਰਿਤਲ ਰਾਜਾ ਵਲੋਂ ਨਸ਼ਾ ਤਸਕਰੀ ਦਾ ਕੰਮ ਅਜੇ ਸ਼ੁਰੂ ਹੀ ਕੀਤਾ ਸੀ ਅਤੇ ਉਸ ਵਿਰੁੱਧ ਇਹ ਪਹਿਲਾ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਹੋਰ ਪੱਛ ਗਿੱਛ ਕੀਤੀ ਜਾ ਰਹੀ ਹੈ।






