ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸਟਡੀ ਪਰਮਿਟ ਦੀ ਗਿਣਤੀ ਘਟਾਉਣ ਦੇ ਫ਼ੈਸਲੇ ਨਾਲ ਕੈਨੇਡਾ ਪਰਵਾਸ ਕਰਨ ਦੇ ਚਾਹਵਾਨ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸੁਪਨਿਆਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿੱਲਰ ਮੁਤਾਬਕ ਕੈਨੇਡਾ ਸਰਕਾਰ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ 35 ਫੀਸਦੀ ਘੱਟ ਸਟੱਡੀ ਪਰਮਿਟ ਜਾਰੀ ਕਰੇਗੀ।
ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਇਹ ਫ਼ੈਸਲਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕੰਮ ਮਿਲਣ ਤੇ ਰਹਿਣ-ਸਹਿਣ ’ਚ ਆ ਰਹੀਆ ਮੁਸ਼ਕਲਾਂ ਤੇ ਨਿੱਜੀ ਕਾਲਜਾਂ ਤੇ ਟ੍ਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਲਿਆ ਗਿਆ ਹੈ। ਜਦਕਿ ਵਿਦੇਸ਼ ਮਾਮਲਿਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਅੱਤਵਾਦ ਦੇ ਮੁੱਦੇ ’ਤੇ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ’ਚ ਪੈਦਾ ਹੋਈ ਖਟਾਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਕਿਉਂਕਿ ਕੈਨੇਡਾ ਸਰਕਾਰ ਜਾਣਦੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ’ਚ ਸ਼ਭ ਤੋਂ ਵੱਡੀ ਗਿਣਤੀ ਭਾਰਤੀ ਤੇ ਖ਼ਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਦੀ ਹੁੰਦੀ ਹੈ।
ਇਮੀਗ੍ਰੇਸ਼ਨ ਮਾਹਰ ਤੇ ਪੰਜਾਬ ਸਰਕਾਰ ਦੀ ਐੱਨਆਰਆਈਜ਼ ਕੋਆਰਡੀਨੇਸ਼ਨ ਕਮੇਟੀ ਦੇ ਆਸਟ੍ਰੇਲੀਆ ਤੋਂ ਕੋਆਰਡੀਨੇਟਰ ਕਰਨ ਰੰਧਾਵਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੌਰਾਨ ਖ਼ਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਤੇ ਭਾਰਤ ਵਿਚਾਲੇ ਆਪਸੀ ਸਬੰਧਾਂ ’ਚ ਆਈਆ ਤਰੇੜਾਂ ਵੀ ਕੌਮਾਂਤਰੀ ਵਿਦਿਆਰਥੀ ਸਟੱਡੀ ਪਰਮਿਟ ’ਚ ਕਟੌਤੀ ਦਾ ਕਾਰਨ ਹੋ ਸਕਦੀਆ ਹਨ।।ਕੈਨੇਡਾ ਸਰਕਾਰ ਭਾਰਤੀ ਵਿਦਿਆਰਥੀਆ ਨੂੰ ਰੋਕਣਾ ਚਾਹੁੰਦੀ ਕਿਉਂਕਿ ਕੈਨੇਡਾ ਦਾ ਕੌਮਾਂਤਰੀ ਵਿਦਿਆਰਥੀ ਸਟੱਡੀ ਪਰਮਿਟ ਹਾਸਲ ਕਰਨ ਵਾਲਿਆ ’ਚ ਵੱਡੀ ਗਿਣਤੀ ਭਾਰਤੀ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਹੁੰਦੀ ਹੈ।
ਪੰਜਾਬੀਆਂ ’ਚ ਘਟਣ ਲੱਗਿਆ ਕੈਨੇਡਾ ਦਾ ਰੁਝਾਨ
ਕਰਨ ਰੰਧਾਵਾ ਇਹ ਵੀ ਦਾਅਵਾ ਕਰਦੇ ਹਨ ਕਿ ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਤੋਂ ਪਹਿਲਾਂ ਹੀ ਪੰਜਾਬੇ ਦੇ ਵਿਦਿਆਰਥੀਆਂ ’ਚ ਕੈਨੇਡਾ ਜਾਣ ਦਾ ਰੁਰਝਾਨ ਘਟਣ ਲੱਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਹੀ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਖੁਸ਼ਹਾਲ ਪਰਿਵਾਰ ਆਪਣੇ ਬੱਚਿਆ ਨੂੰ ਕੈਨੇਡਾ ਭੇਜਣ ਤੋਂ ਗੁਰੇਜ਼ ਕਰਨ ਲੱਗ ਪਏ ਸਨ। ਉਨ੍ਹਾਂ ਦੇ ਕੁਝ ਜਾਣਕਾਰ ਪਰਿਵਾਰਾਂ ਨੇ ਤਾਂ ਕੈਨੇਡਾ ਗਏ ਆਪਣੇ ਬੱਚਿਆਂ ਨੂੰ ਵਾਪਸ ਵੀ ਬੁਲਾ ਲਿਆ ਹੈ।।ਰੰਧਾਵਾ ਮੁਤਾਬਕ ਪਿਛਲੇ ਤਿੰਨ-ਚਾਰ ਮਹੀਨਿਆ ਤੋਂ ਪੰਜਾਬ ਤੋਂ ਕੈਨੇਡਾ ਸਟੱਡੀ ਵੀਜ਼ੇ ’ਤੇ ਜਾਣ ਵਾਲੇ ਨੌਜਵਾਨਾਂ ’ਚ 80 ਫ਼ੀਸਦੀ ਦੀ ਕਮੀ ਆਈ ਹੈ।
ਕਰਨ ਰੰਧਾਵਾ ਦਾ ਕਹਿਣਾ ਹੈ ਕਿ ਸਾਡੀਆ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ’ਚ ਜਾ ਕੇ ਧੱਕੇ ਨਾ ਖਾਣੇ ਪੈਣ।
ਪਿਛਲੇ 9 ਸਾਲਾਂ ਦੌਰਾਨ ਪ੍ਰਤੀ ਸਾਲ ਕੈਨੇਡਾ ਦਾ ਸਟੱਡੀ ਪਰਮਿਟ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀ
2015 ’ਚ 31,920
2016 ’ਚ 52625
2017 ’ਚ 82,935
2018 ’ਚ 1,07,020
2019 ’ਚ 1,38,600
2020 ’ਚ 80,875
2021 ’ਚ 1,69,335
2022 ’ਚ 2,26,450
2023 ’ਚ 3,19,130





