ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਸਮੇਤ ਬੁੜੈਲ ਜੇਲ੍ਹ ਬ੍ਰੇਕ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੀਆਂ ਅਦਾਲਤਾਂ ਵਿਚ ਚੱਲ ਰਹੇ ਦਰਜਨਾਂ ਮਾਮਲਿਆਂ ਦੀ ਸੁਣਵਾਈ ਤਿਹਾੜ ਜੇਲ੍ਹ ਵਿਚ ਹੀ ਵੀਸੀ ਰਾਹੀਂ ਕਰਨ ਨੂੰ ਲੈ ਕੇ ਦਾਖ਼ਲ ਪਟੀਸ਼ਨ ’ਤੇ ਹਾਈ ਕੋਰਟ ਨੇ ਉਸ ਦੇ ਵਕੀਲ ਤੋਂ ਪੁੱਛਿਆ ਹੈ ਕਿ ਹਵਾਰਾ ’ਤੇ ਕਿਸ-ਕਿਸ ਅਦਾਲਤ ਵਿਚ ਕਿਹੜੇ ਕੇਸ ਪੈਂਡਿੰਗ ਹਨ।
ਹਵਾਰਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਖ਼ਿਲਾਫ਼ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਮਾਮਲੇ ਪੈਂਡਿੰਗ ਹਨ। ਉਹ ਇਸ ਸਮੇਂ ਜੇਲ੍ਹ ਵਿਚ ਹੈ ਤੇ ਹਰੇਕ ਮਾਮਲੇ ਵਿਚ ਖ਼ੁਦ ਪੇਸ਼ ਨਹੀਂ ਹੋ ਸਕਦਾ। ਅਜਿਹੇ ਵਿਚ ਇਹ ਸਬੰਧਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਹਰੇਕ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕਰੇ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪਟੀਸ਼ਨਰ ਨੂੰ ਇਸ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਇਸ ਲਈ ਉਸ ਖ਼ਿਲਾਫ਼ ਚੱਲ ਰਹੇ ਸਾਰੇ ਮਾਮਲਿਆਂ ਦੀ ਸੁਣਵਾਈ ਕਿਸੇ ਵੀ ਇਕ ਅਦਾਲਤ ਵਿਚ ਕਰਵਾਈ ਜਾਵੇ। ਹਵਾਰਾ ਖ਼ਿਲਾਫ਼ ਦਿੱਲੀ ਵਿਚ ਇਕ, ਹਰਿਆਣਾ ਵਿਚ ਇਕ, ਚੰਡੀਗੜ੍ਹ ਵਿਚ ਤਿੰਨ ਤੇ ਪੰਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਵਿਚ ਕੁੱਲ ਮਿਲਾ ਕੇ 31 ਮਾਮਲੇ ਪੈਂਡਿੰਗ ਹਨ। ਪਹਿਲੀ ਵਾਰ ਹਵਾਰਾ ਨੂੰ ਸਾਲ 1995 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਹਵਾਰਾ ਖ਼ਿਲਾਫ਼ ਕਈ ਹੋਰ ਥਾਵਾਂ ’ਤੇ ਮਾਮਲੇ ਦਰਜ ਕੀਤੇ ਗਏ ਹਨ। ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਦੌਰਾਨ ਹਵਾਰਾ ਦੇ ਵਕੀਲ ਤੋਂ ਪੁੱਛਿਆ ਹੈ ਕਿ ਹਵਾਰਾ ਦੇ ਖ਼ਿਲਾਫ਼ ਕਿਸ-ਕਿਸ ਅਦਾਲਤ ਵਿਚ ਕਿਹੜੇ ਅਪਰਾਧ ਨਾਲ ਸਬੰਧਤ ਮਾਮਲੇ ਹਨ। ਅਗਲੀ ਸੁਣਵਾਈ ’ਤੇ ਇਸ ਬਾਰੇ ਅੰਕੜਿਆਂ ਸਮੇਤ ਜਵਾਬ ਦਾਖਲ ਕਰਨ ਦਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ।






