ਕਿਸੇ ਵੀ ਲੋੜਵੰਦ ਲਈ ਜਦੋਂ ਕੋਈ ਵਿਅਕਤੀ ਜਾਂ ਸੰਸਥਾ ਉਸਦੀ ਮਦਦ ਲਈ ਬਹੁੜਦੀ ਹੈ ਤਾਂ ਉਸ ਵਿਅਕਤੀ ਦੇ ਚਿਹਰੇ ’ਤੇ ਖੁਸ਼ੀ ਦੀ ਝਲਕ ਸਾਫ ਵੇਖੀ ਜਾ ਸਕਦੀ ਹੈ। ਗੱਲ ਕਰਦੇ ਹਾਂ ਗਲੀ ਨੰਬਰ ਦੋ, ਰਾਂਚੀ ਕਾਲੋਨੀ, ਸੂਆ ਰੋਡ,ਕੀਜ਼ ਹੋਟਲ ਦੀ ਬੈਕਸਾਈਡ ਥਰੀਕੇ ਰੋਡ ਲੁਧਿਆਣਾ ਸਥਿੱਤ ‘ਤੇਰੀ ਓਟ ਵਿਕਲਾਂਗ ਸੰਸਥਾ’ ਦੀ, ਜੋ ਵਿਕਲਾਗਾਂ ਤੇ ਮੰਦਬੁੱਧੀ ਬੱਚਿਆਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ। ਇਸ ਸੰਸਥਾ ‘ਚ ਜਿੱਥੇ ਸਰੀਰਕ ਰੂਪ ਤੋਂ ਵਿਕਲਾਂਗ, ਮੰਦਬੁੱਧੀ ਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ, ਉੱਥੇ ਹੀ ਕਈ ਤਰ੍ਹਾਂ ਦੇ ਹੋਰ ਕੰਮ ਜਿਵੇਂ ਕਿ ਸੰਗੀਤ, ਸਿਲਾਈ ਕਢਾਈ, ਸਕਿੱਚ ਆਰਟ, ਮਹਿੰਦੀ ਆਰਟ ਅਤੇ ਤਿਉਹਾਰਾਂ ਨਾਲ ਸਬੰਧਿਤ ਸਮਾਨ ਬਨਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਸੰਸਥਾ ਦੇ ਮੈਨੇਜਰ ਇਕਬਾਲ ਕੌਰ ਨੇ ‘ਪੰਜਾਬੀ ਜਾਗਰਣ’ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਸ ਨੇਕ ਕਾਰਜ ਵਿੱਚ ਸੰਸਥਾ ਦੇ ਪ੍ਰਧਾਨ ਜੋਤ ਦੀਪ ਸਿੰਘ, ਖਜਾਨਚੀ ਦੀਪਕ ਕੁਮਾਰ, ਸੈਕਟਰੀ ਚੰਦਰ ਮੋਹਨ ਸ਼ਰਮਾ ਅਤੇ ਹਰਵਿੰਦਰ ਕੁਮਾਰ ਸਮੇਤ ਅਹੁਦੇਦਾਰ ਵਡਮੁੱਲਾਂ ਯੋਗਦਾਨ ਪਾ ਰਹੇ ਹਨ। ਇਕਬਾਲ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸਮਾਜ ਸੇਵਾ ਦੀ ਪ੍ਰੇਰਨਾ ਆਪਣੇ ਮਾਤਾ ਪਿਤਾ ਤੋਂ ਮਿਲੀ ਜੋ ਗੁਰੂ ਘਰ ਦੀ ਅਣਥੱਕ ਸੇਵਾ ਕਰਦੇ ਸਨ। ਉਨ੍ਹਾਂ ਸੋਚਿਆ ਕਿ ਕੁੱਝ ਅਜਿਹਾ ਕੀਤਾ ਜਾਵੇ ਕਿ ਸਮਾਜ ਦੇ ਵਿਕਲਾਗ, ਮੰਦਬੁੱਧੀ ਅਤੇ ਗਰੀਬ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਬੱਸ ਇਸੇ ਸੋਚ ਨੂੰ ਲੈ ਕੇ ਸਤੰਬਰ-2021 ਵਿੱਚ ਗੁਰੂ ਦਾ ਓਟ ਆਸਰਾ ਲੈ ਕੇ ਸੱਤ ਬੱਚਿਆਂ ਨਾਲ ‘ਤੇਰੀ ਓਟ ਵਿਕਲਾਂਗ ਸੰਸਥਾ’ ਸ਼ੁਰੂ ਕੀਤੀ ਜਿੰਨ੍ਹਾਂ ਵਿੱਚ ਯੂਪੀ ਨਾਲ ਸਬੰਧਿਤ 14 ਸਾਲਾਂ ਸੂਰਜ, ਲੁਧਿਆਣਾ ਨਾਲ ਸਬੰਧਿਤ 14 ਸਾਲਾਂ ਚਿੰਟੂ, ਯੂਪੀ ਨਾਲ ਸਬੰਧਿਤ 5 ਸਾਲਾਂ ਆਦੀ, ਲੁਧਿਆਣਾ ਨਾਲ ਸਬੰਧਿਤ 11 ਸਾਲਾਂ ਅਮਨ, ਯੂਪੀ ਨਾਲ ਸਬੰਧਿਤ 6 ਸਾਲਾਂ ਰਵੀ, ਲੁਧਿਆਣਾ ਨਾਲ ਸਬੰਧਿਤ 10 ਸਾਲਾਂ ਪ੍ਰੀਤੀ ਅਤੇ ਮਹਾਰਾਸ਼ਟਰ ਨਾਲ ਸਬੰਧਿਤ 15 ਸਾਲਾਂ ਨਾਨਾ ਸ਼ਾਮਲ ਸੀ।
ਅੱਜ ਸੰਸਥਾ ਕੋਲ 35 ਦੇ ਕਰੀਬ ਬੱਚੇ ਹਨ ਜਿਨ੍ਹਾਂ ਦੀ ਸਹਿਯੋਗੀਆਂ ਸਦਕਾ ਦੇਖ ਭਾਲ ਕੀਤੀ ਜਾ ਰਹੀ ਹੈ। ਸੰਸਥਾ ਕਿਰਾਏ ਦੇ ਮਕਾਨ ਵਿੱਚ ਚੱਲ ਰਹੀ ਹੈ ਪਰ ਕੁੱਝ ਸੰਸਥਾਵਾਂ ਨੇ ਆਉਣ ਵਾਲੇ ਸਮੇਂ ਵਿੱਚ ਸਹਿਯੋਗ ਦੀ ਹਾਮੀ ਭਰੀ ਹੈ। ਗੂੰਗੇ ਬਹਿਰੇ ਬੱਚਿਆਂ ਨੂੰ ਸਾਈਨ ਭਾਸ਼ਾ ਨਾਲ ਪੜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਹੀ ਸੰਸਥਾ ਦਾ ਮੁੱਖ ਉਦੇਸ਼ ਹੈ। ਸੰਸਥਾ ਵਿੱਚ ਇੱਕ ਦਫਤਰ, ਕਿਚਨ, ਇੱਕ ਕਮਰਾ ਅਤੇ 2 ਵਾਸ਼ਰੂਮ ਹਨ। ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਹਰ ਤਿਉਹਾਰ ਮਨਾਇਆ ਜਾਂਦਾ ਹੈ। ਕਈ ਲੋਕ ਇੰਨ੍ਹਾਂ ਬੱਚਿਆਂ ਤੋਂ ਮੱਥੇ ਤੇ ਟਿੱਕਾ ਅਤੇ ਮਹਿੰਦੀ ਲਵਾਉਣ ਲਈ ਵੀ ਆਉਂਦੇ ਹਨ। ਸਭ ਬੱਚੇ ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਸੰਸਥਾ ਵਿਖੇ ਰਹਿੰਦੇ ਹਨ ਅਤੇ 3 ਵਜੇ ਤੋਂ ਬਾਅਦ ਉਹਨਾਂ ਨੂੰ ਘਰ ਛੱਡ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਜਪੁਜੀ ਸਾਹਿਬ ਦਾ ਪਾਠ, ਮਹਾਂ ਜਾਪ ਮ੍ਰਿਤੂਨਜੈ ਅਤੇ ਗਾਇਤਰੀ ਮੰਤਰ ਸਿਖਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ। ਬੱਚਿਆਂ ਦੀ ਦੇਖ ਭਾਲ ਲਈ 12 ਸਟਾਫ ਮੈਂਬਰ ਹਨ। ਉਹਨਾਂ ਦੱਸਿਆ ਕਿ ਬੱਚਿਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਹੁੰਦੇ ਖਰਚਿਆਂ ਨੂੰ ਵੇਖਦੇ ਹੋਏ ਫੰਡਿਗ ਵਾਸਤੇ ਡੋਰ ਟੂ ਡੋਰ ਵੀ ਜਾਣਾ ਪੈਂਦਾ ਹੈ। ਇੱਕ ਵਿਕਲਾਂਗ ਬੱਚੇ ਵਿਆਹ ਕਰਕੇ ਇੰਨ੍ਹਾਂ ਬੱਚਿਆਂ ਦੇ ਵਿਆਹ ਕਰਵਾਉਣ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ।
ਮਨੁੱਖਤਾ ਦੀ ਸੇਵਾ ਸੰਸਥਾ ਦੇ ਗੁਰਪ੍ਰੀਤ ਸਿੰਘ ਮਿੰਟੂ ਦੀ ਸੇਵਾ ਭਾਵਨਾ ਨੇ ਕੀਤਾ ਪ੍ਰਭਾਵਿਤ
ਇਕਬਾਲ ਕੌਰ ਨੇ ਕਿਹਾ ਕਿ ਬੇਸ਼ੱਕ ਸਮਾਜ ਸੇਵਾ ਦੀ ਪ੍ਰੇਰਨਾ ਉਹਨਾਂ ਨੂੰ ਆਪਣੇ ਮਾਤਾ ਪਿਤਾ ਤੋਂ ਮਿਲੀ ਪਰ ਮਨੁੱਖਤਾ ਦੀ ਸੇਵਾ ਸੁਪਨਿਆਂ ਦਾ ਘਰ ਸੰਸਥਾ ਦੇ ਗੁਰਪ੍ਰੀਤ ਸਿੰਘ ਮਿੰਟੂ ਦੀ ਸੇਵਾ ਭਾਵਨਾ ਨੇ ਵੀ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜੋ ਸੜਕਾਂ ਦੇ ਰੁਲ ਰਹੇ ਉਹਨਾਂ ਬੇਸਹਾਰਿਆਂ ਨੂੰ ਸਹਾਰਾ ਦੇਣ ਦਾ ਯਤਨ ਕਰ ਰਹੇ ਹਨ ਜੋ ਚੰਗਾ ਜੀਵਨ ਜਿਊਣ ਦੀ ਆਸ ਹੀ ਛੱਡ ਚੁੱਕੇ ਸਨ। ਲਾਚਾਰ ਅਤੇ ਮਜਬੂਰ ਵਿਅਕਤੀ ਨੂੰ ਅਪਣੇਪਨ ਦਾ ਅਹਿਸਾਸ ਕਰਵਾਉਣਾ ਵੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਕਬਾਲ ਕੌਰ ਨੇ ਕਿਹਾ ਕਿ ਉਹ ਅਕਸਰ ਸੁਪਨਿਆਂ ਦੇ ਘਰ ਦਾ ਦੌਰਾ ਕਰਦੇ ਹਨ ਅਤੇ ਹਰ ਦੌਰਾ ਉਨ੍ਹਾਂ ਦੇ ਸੇਵਾ ਭਾਵਨਾ ਵਾਲੇ ਉਤਸ਼ਾਹ ਨੂੰ ਵਧਾਉਂਦਾ ਹੈ। ਉਹਨਾਂ ਦੱਸਿਆ ਕਿ ‘ਤੇਰੀ ਓਟ ਵਿਕਲਾਂਗ ਸੰਸਥਾ’ ਵਿੱਚ ਬੱਚਿਆਂ ਨੂੰ ਮਿਲਣ ਦਾ ਸਮਾਂ ਗਰਮੀਆਂ ਵਿੱਚ ਸਵੇਰੇ 10.00 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਹੈ।
ਦਾਨੀ ਸੱਜਣ ਇੰਝ ਕਰ ਸਕਦੇ ਨੇ ਸੰਸਥਾ ਦਾ ਸਹਿਯੋਗ
1. ਕਿਸੇ ਇੱਕ ਬੱਚੇ ਨੂੰ ਗੋਦ ਲੈ ਕੇ ਉਸਦਾ ਹਰ ਮਹੀਨੇ ਦਾ ਖਰਚ ਚੁੱਕਿਆ ਜਾ ਸਕਦਾ ਹੈ।
2. ਬੱਚਿਆਂ ਦੇ ਲਈ ਨਵੀਆਂ ਕਿਤਾਬਾਂ, ਕਾਪੀਆਂ, ਰੰਗ, ਦਵਾਈਆਂ ਅਤੇ ਇਲਾਜ ਦਾ ਖਰਚਾ ਕੀਤਾ ਜਾ ਸਕਦਾ ਹੈ।
3.ਬੱਚਿਆਂ ਨੂੰ ਬਿਸਕੁਟ, ਫਲ, ਰਾਸ਼ਨ ਵਗੈਰਾ ਦਿੱਤਾ ਜਾ ਸਕਦਾ ਹੈ।
4. ਪਰਿਵਾਰ ਅਤੇ ਸਕੇ ਸੰਬੰਧੀਆਂ ਦਾ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਰਿਟਾਇਰਮੈਂਟ ਵਗੈਰਾ, ਸਾਰੀਆਂ ਖੁਸ਼ੀਆਂ ਇੱਥੇ ਆ ਕੇ ਬੱਚਿਆਂ ਨਾਲ ਵੰਡੀਆਂ ਜਾ ਸਕਦੀਆਂ ਹਨ।
5. ਜੇਕਰ ਤੁਸੀਂ ਇਹਨਾਂ ਬੱਚਿਆਂ ਨੂੰ ਕੋਈ ਸਾਮਾਨ ਦੇਣਾ ਚਾਹੁੰਦੇ ਹੋ ਪਰ ਸੰਸਥਾ ਦੇ ਵਿੱਚ ਕਿਸੇ ਕਾਰਣ ਨਹੀਂ ਆ ਸਕਦੇ ਤਾਂ ਫੋਨ ਕਰ ਦਿਓ, ਸੰਸਥਾ ਤੋਂ ਕੋਈ ਪ੍ਰਤੀਨਿਧ ਤੁਹਾਡੇ ਘਰ ਆ ਕੇ ਸਾਮਾਨ ਲੈ ਜਾਵੇਗਾ।






