ਅਮਰੀਕਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਡੋਨਾਲਡ ਟਰੰਪ ਦੇ ਸਹਿਯੋਗੀਆਂ ਦਾ ਵਿਰੋਧ ਘੱਟ ਨਹੀਂ ਹੋ ਰਿਹਾ। ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਉਹ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਹਮਾਇਤ ਨਹੀਂ ਕਰਨਗੇ।
ਫਾਕਸ ਨਿਊਜ਼ ਨੂੰ ਪੇਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ’ਚ ਕੋਈ ਹੈਰਾਨੀ ਨਹੀਂ ਕਿ ਮੈਂ ਇਸ ਸਾਲ ਡੋਨਾਲਡ ਟਰੰਪ ਦੀ ਹਮਾਇਤ ਨਹੀਂ ਕਰਾਂਗਾ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ’ਚ ਉਮੀਦਵਾਰ ਬਣਨ ਦੀ ਦੌੜ ’ਚ ਪੇਂਸ ਵੀ ਟਰੰਪ ਨੂੰ ਚੁਣੌਤੀ ਦੇਣ ਵਾਲਿਆਂ ’ਚ ਸ਼ਾਮਲ ਸਨ ਪਰ ਪਿਛਲੇ ਸਾਲ ਅਕਤੂਬਰ ’ਚ ਉਹ ਪਿੱਛੇ ਹਟ ਗਏ ਸਨ। ਉਨ੍ਹਾਂ ਦੇ ਬਿਆਨ ਤੋਂ ਸਾਫ਼ ਹੈ ਕਿ ਸਾਬਕਾ ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀ ਟਰੰਪ ਦੀਆਂ ਰਾਸ਼ਟਰਪਤੀ ਬਣਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਨਹੀਂ ਕਰ ਰਹੇ। 2020 ਦੀਆਂ ਚੋਣਾਂ ’ਚ ਹਾਰਨ ਤੋਂ ਬਾਅਦ ਸੱਤਾ ’ਚ ਬਣੇ ਰਹਿਣ ਲਈ ਟਰੰਪ ਦੀ ਗ਼ੈਰ-ਸੰਵਿਧਾਨਕ ਯੋਜਨਾ ’ਚ ਸਾਥ ਦੇਣ ਤੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ।






