ਨਿਊਯਾਰਕ ’ਚ ਰੈਲੀ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੋਨਾਲਡ ਟਰੰਪ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਦੁਨੀਆ ਦੇ ਜ਼ਿਆਦਾਤਰ ਆਗੂਆਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਅਗਲੀਆਂ ਚੋਣਾਂ ’ਚ ਡੋਨਾਲਡ ਟਰੰਪ ਨੂੰ ਜਿੱਤਣ ਨਾ ਦਿਓ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਨ੍ਹਾਂ ਦਾ ਲੋਕਤੰਤਰ ਖ਼ਤਰੇ ’ਚ ਪੈ ਜਾਵੇਗਾ। ਭਾਵੇਂ ਜੀ-20 ਸਿਖਰ ਸੰਮੇਲਨ ਹੋਵੇ ਜਾਂ ਕੋਈ ਹੋਰ ਮੌਕਾ, ਹਰ ਵਾਰ ਇਹੀ ਦੇਖਣ ਨੂੰ ਮਿਲਿਆ ਹੈ।
ਬੰਧਕ ਬਣੇ ਬਾਇਡਨ ਦੀ ਤਸਵੀਰ ਵਾਲੀ ਵੀਡੀਓ ਵਾਇਰਲ
ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਦੇ ਸੰਭਾਵਤ ਉਮੀਦਵਾਰ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ’ਚ ਜੋਅ ਬਾਇਡਨ ਬੰਧਕ ਵਜੋਂ ਰੱਸੀ ਨਾਲ ਬੰਨ੍ਹੇ ਪਿਕਅੱਪ ਟਰੱਕ ਦੇ ਪਿੱਛੇ ਨਜ਼ਰ ਆ ਰਹੇ ਹਨ। ਇਹ ਵੀਡੀਓ ਪੋਸਟ ਹੋਣ ਤੋਂ ਬਾਅਦ ਵਾਇਰਲ ਹੋ ਗਈ। ਇਸ ਨੂੰ ਲੈ ਕੇ ਬਾਇਡਨ ਦੇ ਹਮਾਇਤੀਆਂ ਨੇ ਟਰੰਪ ਦੀ ਆਲੋਚਨਾ ਕੀਤੀ ਹੈ। ਇਹ ਵੀਡੀਓ ਲਾਂਗ ਆਈਲੈਂਡ ਦੀ ਦੱਸੀ ਗਈ ਹੈ। ਦਰਅਸਲ ਇਹ ਤਸਵੀਰ ਇਕ ਪਿਕਅੱਪ ਟਰੱਕ ਦੇ ਪਿੱਛੇ ਬਣੀ ਹੈ ਜਿਹੜਾ ਰਾਜਮਾਰਗ ’ਤੇ ਚੱਲਦਾ ਨਜ਼ਰ ਆ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ’ਚ ਵਾਪਸੀ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਨਾਲ ਹੀ ਇਸ ਤਸਵੀਰ ਜ਼ਰੀਏ ਬਾਇਡਨ ਦੇ ਦੂਜੇ ਕਾਰਜਕਾਲ ਨੂੰ ਸਰਬਨਾਸ਼ਕਾਰੀ ਦੱਸਿਆ ਹੈ।






