ਰੂਸੀ ਸਰਹੱਦ ਦੇ ਰੋਸਤੋਵ ਖੇਤਰ ’ਚ ਯੂਕਰੇਨ ਨੇ 53 ਡ੍ਰੋਨਾਂ ਨਾਲ ਵੱਡਾ ਹਮਲਾ ਕੀਤਾ ਹੈ। ਇਸ ਨੂੰ ਯੂਕਰੇਨ ਵੱਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ’ਚ ਇਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਰੂਸੀ ਫ਼ੌਜ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਡ੍ਰੋਨ ਸੁੱਟ ਲਏ ਗਏ। ਇਨ੍ਹਾਂ ’ਚੋਂ 44 ਡ੍ਰੋਨਾਂ ਨੂੰ ਮੋਰੋਜੋਸਕੀ ’ਚ ਸੁੱਟ ਲਿਆ ਗਿਆ। ਰੋਸਤੋਵ ਦੇ ਗਵਰਨਰ ਨੇ ਕਿਹਾ ਕਿ ਹਮਲੇ ’ਚ ਇਕ ਪਾਵਰ ਸਬ-ਸਟੇਸ਼ਨ ਨੂੰ ਨੁਕਸਾਨ ਪੁੱਜਾ ਹੈ। ਯੂਕਰੇਨ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ।
ਰੂਸ ਨੇ ਵੀ ਖਾਰਕੀਵ ’ਤੇ ਕੀਤਾ ਹਮਲਾ, ਚਾਰ ਦੀ ਮੌਤ
ਰੂਸ ਨੇ ਵੀਰਵਾਰ ਨੂੰ ਡ੍ਰੋਨ ਰਾਹੀਂ ਯੂਕਰੇਨ ਦੇ ਖਾਰਕੀਵ ਇਲਾਕੇ ’ਤੇ ਹਮਲਾ ਕੀਤਾ। ਹਮਲੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਹਮਲੇ ’ਚ 12 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਉੱਧਰ, ਜਮੀਵਸਕਾ ਥਰਮਲ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਕਾਰਨ ਖਾਰਕੀਵ ਇਲਾਕੇ ’ਚ ਕਰੀਬ 3,50,000 ਲੋਕਾਂ ਦੇ ਘਰਾਂ ’ਚ ਹਨੇਰਾ ਛਾ ਗਿਆ। ਯੂਕਰੇਨ ਦੇ ਛੇ ਇਲਾਕਿਆਂ ’ਚ ਪਾਵਰ ਸਪਲਾਈ ਦੌਰਾਨ ਕੁਝ ਕਟੌਤੀ ਵੀ ਕਰਨੀ ਪਈ। ਹਮਲੇ ’ਚ 15 ਡ੍ਰੋਨ ਵਰਤੇ ਗਏ ਸਨ।
ਮਰਮੰਸਕ ਦੇ ਗਵਰਨਰ ’ਤੇ ਚਾਕੂ ਨਾਲ ਹਮਲਾ
ਰੂਸ ਦੇ ਮਰਮੰਸਕ ਦੇ ਗਵਰਨਰ ਆਂਦ੍ਰੇਈ ਚਿਬਿਸ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ’ਚ ਉਹ ਜ਼ਖ਼ਮੀ ਹੋ ਗਏ ਹਨ। ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਆਂਦ੍ਰੇਈ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਗਵਰਨਰ ਦੇ ਬੁਲਾਰੇ ਨੇ ਕਿਹਾ ਕਿ ਹਮਲਾ ਅਚਾਨਕ ਕੀਤਾ ਗਿਆ। ਉਹ ਇਕ ਮੀਟਿੰਗ ’ਚੋਂ ਬਾਹਰ ਨਿਕਲ ਰਹੇ ਸਨ।





