ਖੰਨਾ ਵਿਖੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਕੰਡਕਟਰ ਦੀ ਸਿਆਣਪ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਦੋਂ ਕੰਡਕਟਰ ਨੇ ਇੰਜਣ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਬੱਸ ਵਿੱਚ ਸਵਾਰ ਕਰੀਬ 45 ਯਾਤਰੀਆਂ ਨੂੰ ਹੇਠਾਂ ਉਤਾਰਿਆ ਗਿਆ ਅਤੇ ਇੰਜਣ ਵਿੱਚ ਲੱਗੀ ਅੱਗ ਨੂੰ ਫੈਲਣ ਤੋਂ ਰੋਕਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਰੋਡਵੇਜ਼ ਦੀ ਬੱਸ ਪਟਿਆਲਾ ਤੋਂ ਆ ਰਹੀ ਸੀ। ਜਿਵੇਂ ਹੀ ਬੱਸ ਅੱਡਾ ਖੰਨਾ ਬੱਸ ਸਟੈਂਡ ‘ਤੇ ਸਵਾਰੀਆਂ ਉਤਾਰਨ ਤੋਂ ਬਾਅਦ ਚੱਲੀ ਤਾਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਕੰਡਕਟਰ ਨੇ ਬੱਸ ਦੇ ਇੰਜਣ ‘ਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ। ਸਵਾਰੀਆਂ ਨਾਲ ਭਰੀ ਬੱਸ ਵਿੱਚੋਂ ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਪਹਿਲਾਂ ਯਾਤਰੀਆਂ ਨੂੰ ਹੇਠਾਂ ਉਤਾਰਿਆ ਗਿਆ। ਫਿਰ ਅੱਗ ‘ਤੇ ਕਾਬੂ ਪਾਇਆ ਗਿਆ। ਕਿਉਂਕਿ ਇਹ ਬੱਸ ਲੰਬੇ ਰੂਟ ਦੀ ਹੈ। ਇਸ ਦਾ ਰਸਤਾ ਲਗਪਗ 200 ਕਿਲੋਮੀਟਰ ਹੈ। ਅਜਿਹੇ ‘ਚ ਜੇਕਰ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਨਾਲ ਸਫਰ ਕਰਦੇ ਹੋਏ ਇੰਜਣ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਖੁਸ਼ਕਿਸਮਤੀ ਇਹ ਰਹੀ ਕਿ ਖੰਨਾ ਸ਼ਹਿਰ ਦੀ ਸਰਵਿਸ ਲੇਨ ‘ਤੇ ਬੱਸ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਤਾਂ ਅੱਗ ਲੱਗ ਗਈ। ਬੱਸ ਦੇ ਕੰਡਕਟਰ ਪਾਲੀ ਨੇ ਦੱਸਿਆ ਕਿ ਜਦੋਂ ਬੱਸ ਪਟਿਆਲਾ ਤੋਂ ਆ ਰਹੀ ਸੀ ਤਾਂ ਖੰਨਾ ਵਿਖੇ ਪਾਈਪ ਟੁੱਟਣ ਕਾਰਨ ਅੱਗ ਲੱਗ ਗਈ। ਪਾਣੀ ਨਾਲ ਅੱਗ ਬੁਝਾਈ ਗਈ। ਵੱਡਾ ਹਾਦਸਾ ਹੋਣੋਂ ਟਲ ਗਿਆ।






