ਬੀਤੀ ਦੇਰ ਰਾਤ ਆਪਣੇ ਕੰਮ ਤੋਂ ਪਰਤ ਰਹੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਅਣਪਛਾਤੇ ਵਾਹਨ ਵਲੋਂ ਲਪੇਟ ‘ਚ ਲੈਣ ਨਾਲ ਇਕ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ ਜਦਕਿ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ।
ਇਸ ਸਬੰਧੀ ਮ੍ਰਿਤਕ ਦੇ ਚਚੇਰੇ ਭਰਾ ਜੁਗਰਾਜ ਸਿੰਘ ਪੁੱਤਰ ਬੀਰ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਪੁਤਰਾਨ ਬਲਵਿੰਦਰ ਸਿੰਘ ਜੋ ਕਿ ਸਕੇ ਭਰਾ ਹਨ ਤੇ ਫਤਿਹਗੜ੍ਹ ਚੂੜੀਆਂ ਵਿਖੇ ਫਾਸਟ ਫੂਡ ਦਾ ਕੰਮ ਕਰਦੇ ਹਨ। ਬੀਤੀ ਰਾਤ ਕੰਮ ਖਤਮ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਘਰ ਕੋਟਲੀ ਸੂਰਤ ਮੱਲ੍ਹੀ ਵੱਲ ਆ ਰਹੇ ਸਨ। ਜਦੋਂ ਇਹ ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ ’ਤੇ ਸਥਿਤ ਪਿੰਡ ਲੋਧੀਨੰਗਲ ਨੇੜੇ ਪਹੁੰਚੇ ਤਾਂ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਆਪਣੀ ਲਪੇਟ ‘ਚ ਲੈਂਦਿਆਂ ਜ਼ੋਰਦਾਰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਆਕਾਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸਦਾ ਭਰਾ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਨਾਜ਼ੁਕ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਏਐੱਸਆਈ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।






