ਇਤਿਹਾਸਿਕ ਕਸਬਾ ਕਲਾਨੌਰ ਦੇ ਗੁਰਦਾਸਪੁਰ ਮਾਰਗ ‘ਤੇ ਪੈਂਦੇ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ‘ਤੇ ਸ਼ੁੱਕਰਵਾਰ ਦੀ ਰਾਤ ਨੂੰ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੂਸਰੀ ਵਾਰ ਹਸਪਤਾਲ ਦੇ ਗੇਟ ‘ਤੇ ਖੜ੍ਹੇ ਹੋ ਕੇ ਡਾਕਟਰ ਦੀ ਦੁਕਾਨ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀਂ ਵੀ ਉਸ ਦੇ ਹਸਪਤਾਲ ‘ਤੇ ਚਾਰ ਗੋਲੀਆਂ ਚਲਾ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਦ ਕਿ ਇਸ ਘਟਨਾ ਸਬੰਧੀ ਉਸ ਨੇ ਪੁਲਿਸ ਥਾਣਾ ਕਲਾਨੌਰ ਨੂੰ ਰਿਪੋਰਟ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ। ਡਾਕਟਰ ਨੇ ਦੱਸਿਆ ਕਿ ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫੋਨ ‘ਤੇ ਫਿਰੌਤੀ ਮੰਗਣ ਦੀਆਂ ਕਾਲਾਂ ਵੀ ਕੀਤੀਆਂ ਜਦ ਕਿ ਉਸ ਨੇ ਉਹਨਾਂ ਦਾ ਫੋਨ ਨੂੰ ਬਲਾਕ ਲਿਸਟ ਵਿੱਚ ਪਾ ਦਿੱਤਾ ਗਿਆ ਸੀ। ਡਾਕਟਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸਦੀ ਸੁਰੱਖਿਆ ਲਈ ਦੋ ਗੰਨਮੈਨ ਵੀ ਮੁੱਹਈਆ ਕਰਵਾਏ ਗਏ ਹਨ। ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਗੰਨਮੈਨ ਨਾਲ ਆਪਣੇ ਘਰ ਗਿਆ ਸੀ ਤਾਂ ਰਾਤ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਦੋ ਨੌਜਵਾਨਾਂ ਨੇ ਉਸ ਦੇ ਹਸਪਤਾਲ ਦੇ ਸਾਹਮਣੇ ਆਏ ਅਤੇ ਇੱਕ ਨੌਜਵਾਨ ਨੇ ਹਸਪਤਾਲ ਦੇ ਗੇਟ ‘ਤੇ ਖੜ੍ਹੇ ਹੋ ਕੇ ਉਸ ਦੀ ਕੀਆ ਗੱਡੀ ‘ਤੇ 6 ਦੇ ਕਰੀਬ ਫਾਇਰ ਕੀਤੇ ਜਦਕਿ ਇੱਕ ਜਿੰਦਾ ਕਾਰਤੂਸ ਵੀ ਘਟਨਾ ਸਥਾਨ ਤੋਂ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਡਾਕਟਰ ਰਮੇਸ਼ਵਰ ਸੈਣੀ ਮਰੀਜ਼ਾਂ ਤੋਂ ਉਹਨਾਂ ਦੇ ਇਲਾਜ ਲਈ 10 10 ਰੁਪਏ ਦੀਆਂ ਦਵਾਈਆਂ ਦੇ ਰਿਹਾ ਹੈ ਉਹ ਇੰਨੀ ਵੱਡੀ ਕਰੋੜਾਂ ਦੀ ਰਕਮ ਕਿੱਥੋਂ ਲਿਆ ਕੇ ਦੇਵੇ। ਇਸ ਮੌਕੇ ‘ਤੇ ਉਸ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹਨਾਂ ‘ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਸ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੀਐਸਪੀ ਗੁਰਵਿੰਦਰ ਸਿੰਘ, ਪੁਲਿਸ ਥਾਣਾ ਕਲਾਨੌਰ ਦੀ ਐਸਐਚ ਓ ਹੇਮਰਾਜ ਅਤੇ ਹੋਰ ਅਧਿਕਾਰੀ ਘਟਨਾ ‘ਤੇ ਪੁੱਜੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਵਿੱਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।







