ਚਿੱਟੇ ਦੇ ਦੈਂਤ ਨੇ ਲੁਧਿਆਣਾ ਦੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਪਿੰਡ ਰੁੜਕਾ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਵਜੋਂ ਹੋਈ ਹੈ। ਇਹ ਦਰਦਨਾਕ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਿੰਦਰ ਸਿੰਘ ਜਸਪਾਲ ਬਾਂਗੜ ਇਲਾਕੇ ਦੇ ਇੱਕ ਬੇਅਬਾਦ ਪਲਾਟ ਵਿੱਚ ਆਪਣੇ ਦੋਸਤਾਂ ਨਾਲ ਬੈਠ ਕੇ ਨਸ਼ੇ ਦਾ ਟੀਕਾ ਲੱਗਾ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਰੁੜਕਾ ਦੇ ਰਹਿਣ ਵਾਲੇ ਸਾਧੂ ਸਿੰਘ ਦੀ ਸ਼ਿਕਾਇਤ ‘ਤੇ ਮ੍ਰਿਤਕ ਦੇ ਦੋਸਤ ਨਵਦੀਪ ਸਿੰਘ ਅਤੇ ਅਮਰਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਹਾਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਾਧੂ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਗੁਰਿੰਦਰ ਸਿੰਘ ਦੇ ਦੋਸਤ ਨਵਦੀਪ ਸਿੰਘ ਅਤੇ ਅਮਰਦੀਪ ਸਿੰਘ ਉਸ ਨੂੰ ਆਪਣੇ ਨਾਲ ਜਸਪਾਲ ਬਾਂਗੜੇ ਇਲਾਕੇ ਵਿੱਚ ਲੈ ਗਏ।
ਜਸਪਾਲ ਬਾਂਗੜ ਇਲਾਕੇ ਦੇ ਇੱਕ ਬੇਅਬਾਦ ਪਲਾਟ ਦੇ ਕਮਰੇ ਵਿੱਚ ਬੈਠ ਕੇ ਨੌਜਵਾਨ ਨਸ਼ਾ ਕਰਨ ਲੱਗ ਪਏ। ਇਸੇ ਦੌਰਾਨ ਉਨਾਂ ਨੇ ਗੁਰਿੰਦਰ ਸਿੰਘ ਨੂੰ ਵੀ ਨਸ਼ੇ ਦਾ ਟੀਕਾ ਲਗਾ ਦਿੱਤਾ। ਆਪਣੇ ਬੇਟੇ ਨੂੰ ਲੱਭਦੇ ਹੋਏ ਸਾਧੂ ਸਿੰਘ ਜਿਵੇਂ ਹੀ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਲੜਕੇ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਸੀ। ਸਾਧੂ ਸਿੰਘ ਨੇ ਆਪਣੇ ਬੇਟੇ ਨੂੰ ਮਲੇਰਕੋਟਲਾ ਰੋਡ ਦੇ ਪਰੋਲਾਈਫ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸਾਧੂ ਸਿੰਘ ਦੀ ਸ਼ਿਕਾਇਤ ‘ਤੇ ਨਵਦੀਪ ਅਤੇ ਅਮਰਦੀਪ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।







