ਪੰਜਾਬ ਵਿੱਚ ਡੇਂਗੂ ਇਕ ਵਾਰ ਫਿਰ ਪੈਰ ਪਸਾਰਨ ਲੱਗਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਅਤੇ ਹੜ੍ਹਾਂ ਤੋਂ ਬਾਅਦ ਪਾਣੀ ਭਰਨ ਨਾਲ ਮੱਛਰਾਂ ਦੇ ਪ੍ਰਜਨਣ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ, ਡੇਂਗੂ ਪਾਜ਼ੀਟਿਵਿਟੀ ਦਰ ਪਿਛਲੇ ਮਹੀਨਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ। ਜਿੱਥੇ ਇਹ ਪਹਿਲਾਂ 3.8 ਪ੍ਰਤੀਸ਼ਤ ਸੀ, ਹੁਣ 11 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ। ਸਰਕਾਰੀ ਹਸਪਤਾਲਾਂ ਅਤੇ ਨਿੱਜੀ ਲੈਬਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਹਾਲਾਂਕਿ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਪਰ ਮਾਹਰ ਚਿਤਾਵਨੀ ਦਿੰਦੇ ਹਨ ਕਿ ਮੌਸਮ ਅਨੁਕੂਲ ਰਹਿਣ ਤੱਕ ਲਾਗ ਫੈਲਣ ਦਾ ਖ਼ਤਰਾ ਵੱਧ ਰਹਿੰਦਾ ਹੈ। ਰਾਜ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਫੌਗਿੰਗ ਅਤੇ ਸੈਨੀਟੇਸ਼ਨ ਮੁਹਿੰਮ ਚਲਾਉਣ ਲਈ ਨਿਗਰਾਨੀ ਵਧਾਉਣ ਅਤੇ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਹਨ ਜਦੋਂ ਕਿ 2023 ਅਤੇ 2024 ਦੇ ਮੁਕਾਬਲੇ ਮਾਮਲਿਆਂ ਦੀ ਗਿਣਤੀ ਇਸ ਸਮੇਂ ਘੱਟ ਹੈ ਪਰ ਲਾਗ ਦੀ ਦਰ ਵੱਧ ਰਹੀ ਹੈ, ਜਿਸ ਲਈ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੀ ਲੋੜ ਹੈ।
ਪੰਜਾਬ ਵਿੱਚ ਲੁਧਿਆਣਾ, ਪਟਿਆਲਾ, ਮੁਹਾਲੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਇਸ ਸਮੇਂ ਸਭ ਤੋਂ ਵੱਧ ਡੇਂਗੂ ਤੋਂ ਪ੍ਰਭਾਵਿਤ ਹਨ। ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਨਫੈਕਸ਼ਨ ਸ਼ਹਿਰੀ ਖੇਤਰਾਂ ਵਿੱਚ ਫੈਲ ਰਿਹਾ ਹੈ ਜਿੱਥੇ ਪਾਣੀ ਭਰਿਆ ਹੋਇਆ ਹੈ ਅਤੇ ਖੁੱਲ੍ਹੇ ਭਾਂਡੇ ਮੱਛਰਾਂ ਲਈ ਪ੍ਰਜਨਣ ਸਥਾਨ ਹਨ। ਡੇਂਗੂ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ‘ਡੇਂਗੂ ’ਤੇ ਵਾਰ’ ਮੁਹਿੰਮ ਨੂੰ ਮੁੜ ਸੁਰਜੀਤ ਕੀਤਾ ਹੈ, ਜੋ ਕਿ ਹਰ ਸ਼ੁੱਕਰਵਾਰ ਨੂੰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਆਂਢ-ਗੁਆਂਢ, ਸਕੂਲਾਂ ਅਤੇ ਬਾਜ਼ਾਰਾਂ ਵਿੱਚ ਸਫਾਈ ਅਤੇ ਫੌਗਿੰਗ ਕੀਤੀ ਜਾ ਰਹੀ ਹੈ।
ਚਾਰ ਕਿਸਮਾਂ ਦੇ ਹੁੰਦੇ ਵਾਇਰਸ
ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ ਹਨ : ਡੀਈਐੱਨਵੀ-1, ਡੀਈਐੱਨਵੀ-2, ਡੀਈਐੱਨਵੀ-3 ਅਤੇ ਡੀਈਐੱਨਵੀ-4। ਇਸ ਸਮੇਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵਾਇਰਸ ਡੀਈਐੱਨਵੀ-2 ਹੈ, ਜਿਸ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਇਹ ਰੂਪ ਗੰਭੀਰ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿੱਚ ਤੇਜ਼ ਬੁਖਾਰ, ਉਲਟੀਆਂ, ਪੇਟ ਦਰਦ, ਖੂਨ ਵਗਣਾ, ਬੇਚੈਨੀ ਅਤੇ ਮਾਨਸਿਕ ਭਰਮ ਸ਼ਾਮਲ ਹਨ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਡੇਂਗੂ ਹੈਮੋਰੈਜਿਕ ਸਿੰਡਰੋਮ ਅਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆਂ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਡੇਂਗੂ ਦੇ ਲੱਛਣ ਉਦੋਂ ਤੱਕ ਬਣੇ ਰਹਿੰਦੇ ਹਨ ਜਦੋਂ ਤੱਕ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚ ਜਾਂਦਾ। ਤਾਪਮਾਨ ਘਟਣ ’ਤੇ ਇਹ ਆਪਣੇ ਆਪ ਠੀਕ ਹੋ ਜਾਵੇਗਾ।
ਨਿੱਜੀ ਲੈਬਾਂ ’ਚ ਮਨਮਾਨੀ, ਸਰਕਾਰ ਦੀਆਂ ਤੈਅ ਦਰਾਂ ਦੀ ਉਲੰਘਣਾ
ਸਿਹਤ ਵਿਭਾਗ ਨੇ ਨਿੱਜੀ ਲੈਬਾਂ ਲਈ ਡੇਂਗੂ ਟੈਸਟਾਂ ਲਈ ਵੱਧ ਤੋਂ ਵੱਧ ਕੀਮਤ 600 ਰੁਪਏ ਨਿਰਧਾਰਤ ਕੀਤੀ ਹੈ। ਸਿਹਤ ਵਿਭਾਗ ਨੇ ਲੈਬਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾ ਪੈਸੇ ਲੈਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਇਕੱਠਾ ਹੋਣ ਤੋਂ ਬਚਣਾ ਚਾਹੀਦਾ ਹੈ। ਮੱਛਰ ਭਜਾਉਣ ਵਾਲੀਆਂ ਕਰੀਮਾਂ, ਕੋਇਲਾਂ ਅਤੇ ਜਾਲੀਆਂ ਦੀ ਵਰਤੋਂ ਕਰੋ। ਤੇਜ਼ ਬੁਖਾਰ, ਸਰੀਰ ਵਿੱਚ ਦਰਦ ਜਾਂ ਉਲਟੀਆਂ ਹੋਣ ਦੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸਲਾਹ ਕਰੋ। ਡੇਂਗੂ ਟੈਸਟਿੰਗ ਲਈ ਸਰਕਾਰੀ ਕਲੀਨਿਕਾਂ ਤੇ ਹਸਪਤਾਲਾਂ ਵਿੱਚ ਜਾਓ।






