ਦੇਸ਼ ਦੀ ਸਰਵਉਚ ਅਦਾਲਤ ਵਿਚ ਉੱਤਰ-ਪੂਰਬੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਨਸਲੀ ਹਿੰਸਾ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਉੱਤਰ-ਪੂਰਬੀ ਰਾਜਾਂ ਅਤੇ ਹੋਰ ਸਰਹੱਦੀ ਖੇਤਰਾਂ ਦੇ ਨਾਗਰਿਕਾਂ ਵਿਰੁੱਧ ਨਸਲੀ ਵਿਤਕਰੇ ਅਤੇ ਹਿੰਸਾ ਨੂੰ ਰੋਕਣ ਲਈ ਨਿਆਂਇਕ ਦਖਲ ਦੀ ਮੰਗ ਕੀਤੀ ਗਈ ਹੈ।
ਇਹ ਜਨਹਿੱਤ ਪਟੀਸ਼ਨ ਤ੍ਰਿਪੁਰਾ ਦੇ 24 ਸਾਲਾ ਐਮਬੀਏ ਵਿਦਿਆਰਥੀ ਏਂਜਲ ਚਕਮਾ ਦੀ ਬੇਰਹਿਮੀ ਨਾਲ ਹੱਤਿਆ ਦੇ ਪਿਛੋਕੜ ਵਿੱਚ ਦਾਇਰ ਕੀਤੀ ਗਈ ਹੈ।
ਚਕਮਾ ਦੇ ਪਰਿਵਾਰਕ ਮੈਂਬਰ ਇਸ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਜਾਂ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਚਾਹੁੰਦੇ ਹਨ। ਦਿੱਲੀ ਦੇ ਵਕੀਲ ਅਨੂਪ ਪ੍ਰਕਾਸ਼ ਅਵਸਥੀ ਨੇ ਕੇਂਦਰ ਅਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਨਹਿੱਤ ਪਟੀਸ਼ਨ ਵਿੱਚ ਧਿਰ ਬਣਾਇਆ ਹੈ।
ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਨੰਦਨਨਗਰ ਦੇ ਰਹਿਣ ਵਾਲੇ 24 ਸਾਲਾ ਏਂਜਲ ਚਕਮਾ ’ਤੇ 9 ਦਸੰਬਰ ਨੂੰ ਦੇਹਰਾਦੂਨ ਵਿੱਚ ਛੇ ਵਿਅਕਤੀਆਂ ਨੇ ਉਸ ਸਮੇਂ ਹਮਲਾ ਕੀਤਾ ਸੀ, ਜਦੋਂ ਉਸ ਨੇ ਕਥਿਤ ਨਸਲੀ ਟਿੱਪਣੀ ਦਾ ਵਿਰੋਧ ਕੀਤਾ। 26 ਦਸੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜ਼ਹਿਰੀਲੀ ਸਮੱਗਰੀ ਅਤੇ ਗੈਰ-ਜ਼ਿੰਮੇਵਾਰਾਨਾ ਬਿਰਤਾਂਤਾਂ ਰਾਹੀਂ ਖਾਸ ਕਰ ਕੇ ਨੌਜਵਾਨਾਂ ਨੂੰ ਰੋਜ਼ਾਨਾ ਨਫ਼ਰਤ ਰੋਜ਼ਾਨਾ ਪਰੋਸੀ ਜਾ ਰਹੀ ਹੈ ਅਤੇ ਭਾਜਪਾ ਦੀ ਨਫ਼ਰਤ ਫੈਲਾਉਣ ਵਾਲੀ ਲੀਡਰਸ਼ਿਪ ਵੱਲੋਂ ਇਸ ਨੂੰ ਆਮ ਵਰਤਾਰਾ ਬਣਾਇਆ ਜਾ ਰਿਹਾ ਹੈ।







