ਦੁੱਖ ਅਤੇ ਗੁੱਸੇ ਨਾਲ ਭਰੀ ਆਵਾਜ਼ ਵਿੱਚ, ਇੱਕ ਇਕੱਲੀ ਮਾਂ, ਜਿਸ ਨੇ ਆਪਣੇ ਇਕਲੌਤੇ ਬੱਚੇ ਨੂੰ ਪਾਲਿਆ ਸੀ, ਨੇ ਕਿਹਾ ਕਿ “ਫਨ ਰੀਲ” ਸੋਸ਼ਲ ਮੀਡੀਆ ਦੀ ਪ੍ਰਸਿੱਧੀ ਲਈ ਕੀਤੇ ਗਏ ਸਟੰਟਾਂ ਨੇ ਨਾ ਸਿਰਫ਼ ਉਸਦੇ 23 ਸਾਲਾ ਪੁੱਤਰ ਨੂੰ ਕੁਚਲਿਆ ਹੈ, ਸਗੋਂ ਉਸ ਦੇ ਹਰ ਉਸ ਸੁਪਨੇ ਨੂੰ ਵੀ ਤੋੜ ਦਿੱਤਾ ਹੈ ਜੋ ਉਸ ਦੇ ਪੁੱਤ ਨੇ ਬੁਣੇ ਸੀ। ਆਪਣੇ ਪੁੱਤਰ ਦੇ ਬੈੱਡਰੂਮ ਵਿੱਚ ਉਸ ਦੀਆਂ ਤਸਵੀਰਾਂ ਅਤੇ ਮੈਡਲਾਂ ਦੇ ਵਿਚਕਾਰ ਖੜ੍ਹੀ ਇੰਨਾ ਮਾਕਨ ਨੇ ਕੰਧ ‘ਤੇ ਅਜੇ ਵੀ ਲਿਖੇ ਪ੍ਰੇਰਨਾਦਾਇਕ ਵਿਚਾਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਦਾ ਪੁੱਤਰ ਮਿਹਨਤ ਵਿੱਚ ਵਿਸ਼ਵਾਸ ਰੱਖਦਾ ਸੀ, ਸ਼ਾਰਟਕੱਟਾਂ ਵਿੱਚ ਨਹੀਂ।
ਉਨ੍ਹਾਂ ਦੱਸਿਆ ਕਿ ਕਿਸੇ ਹੋਰ ਦੀ ‘ਫਨ ਰੀਲ’ ਨੇ ਉਸ ਦੇ ਬੱਚੇ ਦੀ ਜਾਨ ਅਤੇ ਉਹ ਸਾਰੇ ਸੁਪਨੇ ਖੋਹ ਲਏ ਜੋ ਉਸ ਨੇ ਆਪਣੇ ਬੱਚੇ ਲਈ ਦੇਖੇ ਸਨ। ਸਾਹਿਲ, ਜੋ ਕਿ ਬੀ.ਬੀ.ਏ. ਦੇ ਆਖਰੀ ਸਮੈਸਟਰ ਦਾ ਵਿਦਿਆਰਥੀ ਸੀ, 3 ਫਰਵਰੀ ਨੂੰ ਆਪਣੇ ਦਫ਼ਤਰ ਜਾ ਰਿਹਾ ਸੀ ਜਦੋਂ ਇੱਕ ਐਸ.ਯੂ.ਵੀ. (ਸਕੋਰਪੀਓ ਐਨ), ਜਿਸ ਨੂੰ ਕਥਿਤ ਤੌਰ ‘ਤੇ ਇੱਕ 17 ਸਾਲਾ ਲੜਕਾ ਚਲਾ ਰਿਹਾ ਸੀ ਅਤੇ ਉਸ ਦੀ ਭੈਣ ਉਸ ਦੇ ਨਾਲ ਬੈਠੀ ਸੀ, ਨੇ ਸਾਹਮਣੇ ਤੋਂ ਆ ਰਹੇ ਸਾਹਿਲ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਐਸ.ਯੂ.ਵੀ. ਇੱਕ ਖੜ੍ਹੀ ਕੈਬ ਨਾਲ ਵੀ ਟਕਰਾਈ, ਜਿਸ ਨਾਲ ਉਸ ਦਾ ਡਰਾਈਵਰ ਜ਼ਖ਼ਮੀ ਹੋ ਗਿਆ।
ਮਾਕਨ ਨੇ ਦੱਸਿਆ ਕਿ ਸਾਹਿਲ ਦਾ ਦਫ਼ਤਰ ਹਾਦਸੇ ਵਾਲੀ ਥਾਂ ਤੋਂ ਮਹਿਜ਼ ਦੋ ਮਿੰਟ ਦੀ ਦੂਰੀ ‘ਤੇ ਸੀ ਅਤੇ ਉਹ ਕੁਝ ਮਹੀਨਿਆਂ ਵਿੱਚ ਵਿਦੇਸ਼ ਜਾਣ ਵਾਲਾ ਸੀ। ਸਾਹਿਲ ਨੈਨੀਤਾਲ ਦੇ ਸੇਂਟ ਜੋਸੇਫ ਕਾਲਜ ਦਾ ਵਿਦਿਆਰਥੀ ਸੀ ਅਤੇ ਬਹੁਤ ਮਿਹਨਤੀ ਹੋਣ ਦੇ ਨਾਲ-ਨਾਲ ਕਈ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਦਾ ਸੀ। ਇੰਟਰਨੈੱਟ ‘ਤੇ ਸਾਹਮਣੇ ਆਈ ਇੱਕ ਵੀਡੀਓ ਕਲਿੱਪ ਵਿੱਚ ਦੇਖਿਆ ਗਿਆ ਕਿ ਕਾਰ ਸਾਹਿਲ ਦੇ ਮੋਟਰਸਾਈਕਲ ਨਾਲ ਸਿੱਧੀ ਟਕਰਾ ਜਾਂਦੀ ਹੈ।
ਪੁਲੀਸ ਨੇ ਦਵਾਰਕਾ ਦੱਖਣੀ ਪੁਲੀਸ ਸਟੇਸ਼ਨ ਵਿੱਚ ਬੀ.ਐਨ.ਐਸ. (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐਸ.ਯੂ.ਵੀ. ਚਲਾਉਣ ਵਾਲਾ 17 ਸਾਲਾ ਨਾਬਾਲਗ ਬਿਨਾਂ ਲਾਇਸੰਸ ਦੇ ਗੱਡੀ ਚਲਾ ਰਿਹਾ ਸੀ, ਜਿਸ ਨੂੰ ਫੜ ਕੇ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਗਿਆ। ਸਾਹਿਲ ਦੀ ਮਾਂ ਨੇ ਦਾਅਵਾ ਕੀਤਾ ਕਿ ਉਸ ਗੱਡੀ ਦੇ ਦਿੱਲੀ ਅਤੇ ਯੂ.ਪੀ. ਵਿੱਚ ਕਈ ਚਲਾਨ ਕੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਲੜਨਗੇ ਅਤੇ ਇਸ ਨੂੰ ਸਿਰਫ਼ ਇੱਕ ਹਾਦਸਾ ਨਹੀਂ ਬਲਕਿ ਅਪਰਾਧਿਕ ਗਤੀਵਿਧੀ ਮੰਨਦੇ ਹਨ। ਡੀ.ਸੀ.ਪੀ. (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਨਾਬਾਲਗ ਨੂੰ ਨਿਰੀਖਣ ਹੋਮ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਿਤਾ ਨੂੰ ਵੀ ਪਾਬੰਦ ਕੀਤਾ ਗਿਆ ਹੈ। ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਹਾਦਸੇ ਦੇ ਸਮੇਂ ਰੀਲ ਬਣਾਈ ਜਾ ਰਹੀ ਸੀ।






