ਨਵੀਂ ਦਿੱਲੀ ਵਿੱਚ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ ਅੱਜ ਦੂਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਨਹੀਂ ਹੋਈ। ਸਾਬਕਾ ਅਦਾਕਾਰਾ ਟੀਨਾ ਅੰਬਾਨੀ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ 10 ਫਰਵਰੀ ਨੂੰ ਵੀ ਪੇਸ਼ ਨਹੀਂ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਨਵਾਂ ਨੋਟਿਸ ਜਾਰੀ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸ ਨੇ ਜਾਂਚ ਅਧਿਕਾਰੀ ਕੋਲ ਪੇਸ਼ ਨਾ ਹੋਣ ਦਾ ਕੀ ਕਾਰਨ ਦੱਸਿਆ ਹੈ। ਅਧਿਕਾਰੀਆਂ ਮੁਤਾਬਕ ED ਹੁਣ ਉਸ ਨੂੰ ਪੇਸ਼ੀ ਲਈ ਨਵੀਂ ਤਰੀਕ ਦੇ ਸਕਦੀ ਹੈ। ਜਦੋਂ ਉਹ ਪੇਸ਼ ਹੋਵੇਗੀ ਤਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ।
ਦੂਜੇ ਪਾਸੇ 66 ਸਾਲਾ ਅਨਿਲ ਅੰਬਾਨੀ ਨੂੰ ਵੀ ਬੁੱਧਵਾਰ ਨੂੰ ਦੂਜੀ ਵਾਰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਜਾਂਚ ਰਿਲਾਇੰਸ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਅਤੇ ਉਨ੍ਹਾਂ ਦੇ ਬੈਂਕ ਕਰਜ਼ਿਆਂ ਨਾਲ ਜੁੜੀ ਹੋਈ ਹੈ। ਉਹ ਪਹਿਲੀ ਵਾਰ ਅਗਸਤ 2025 ਵਿੱਚ ED ਸਾਹਮਣੇ ਪੇਸ਼ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਟੀਨਾ ਅੰਬਾਨੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਆਲੀਸ਼ਾਨ ਫਲੈਟ ਖਰੀਦਣ ਨਾਲ ਜੁੜੇ ਪੈਸਿਆਂ ਦੇ ਲੈਣ-ਦੇਣ ਬਾਰੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਸ ਮਾਮਲੇ ਵਿੱਚ ED ਨੇ ਹਾਲ ਹੀ ਵਿੱਚ ਰਿਲਾਇੰਸ ਕਮਿਊਨੀਕੇਸ਼ਨ (RCOM) ਦੇ ਸਾਬਕਾ ਪ੍ਰਧਾਨ ਪੁਨੀਤ ਗਰਗ ਨੂੰ ਗ੍ਰਿਫਤਾਰ ਕੀਤਾ ਹੈ। ED ਦਾ ਦਾਅਵਾ ਹੈ ਕਿ ਸਾਲ 2023 ਵਿੱਚ ਕੰਪਨੀ ਦੀ ਦਿਵਾਲੀਆ ਪ੍ਰਕਿਰਿਆ ਦੌਰਾਨ ਨਿਊਯਾਰਕ ਦੀ ਇਹ ਜਾਇਦਾਦ ਧੋਖੇ ਨਾਲ ਵੇਚੀ ਗਈ ਸੀ। ਰਿਲਾਇੰਸ ਕਮਿਊਨੀਕੇਸ਼ਨ ਨੇ ਇਸ ਧੋਖਾਧੜੀ ਬਾਰੇ 2025 ਵਿੱਚ ਸਟਾਕ ਐਕਸਚੇਂਜ ਨੂੰ ਜਾਣਕਾਰੀ ਦਿੱਤੀ ਸੀ। ਜਾਂਚ ਏਜੰਸੀ ਮੁਤਾਬਕ ਇਸ ਜਾਇਦਾਦ ਨੂੰ ਵੇਚ ਕੇ ਮਿਲੇ ਲਗਪਗ 69.55 ਕਰੋੜ ਰੁਪਏ ਅਮਰੀਕਾ ਤੋਂ ਇੱਕ ਫਰਜ਼ੀ ਨਿਵੇਸ਼ ਰਾਹੀਂ ਦੁਬਈ ਦੀ ਇੱਕ ਅਜਿਹੀ ਕੰਪਨੀ ਨੂੰ ਭੇਜੇ ਗਏ ਸਨ, ਜਿਸ ਦਾ ਕੰਟਰੋਲ ਇੱਕ ਪਾਕਿਸਤਾਨੀ ਵਿਅਕਤੀ ਕੋਲ ਹੈ। ਇਹ ਸਾਰਾ ਕੰਮ ਕਾਨੂੰਨੀ ਤੌਰ ’ਤੇ ਨਿਯੁਕਤ ਕੀਤੇ ਗਏ ਅਧਿਕਾਰੀ ਦੀ ਜਾਣਕਾਰੀ ਤੋਂ ਬਿਨਾਂ ਕੀਤਾ ਗਿਆ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ED ਨੇ ਅਨਿਲ ਅੰਬਾਨੀ ਗਰੁੱਪ (ADAG) ਵਿਰੁੱਧ ਬੈਂਕ ਧੋਖਾਧੜੀ ਅਤੇ ਹੋਰ ਵਿੱਤੀ ਗੜਬੜੀਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। ਏਜੰਸੀ ਹੁਣ ਤੱਕ ਇਸ ਮਾਮਲੇ ਵਿੱਚ 12,000 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕਰ ਚੁੱਕੀ ਹੈ ਅਤੇ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਖ਼ਿਲਾਫ਼ ਤਿੰਨ ਸ਼ਿਕਾਇਤਾਂ ਦਰਜ ਕੀਤੀਆਂ ਹਨ।






