ਤਿੱਬਤ ਦੇ ਅਧਿਆਤਮਕ ਗੁਰੂ 14ਵੇਂ ਦਲਾਈਲਾਮਾ ਨੇ ਇੱਥੇ ਦੁਨੀਆ ਭਰ ਦੇ ਸਾਬਕਾ ਤਿੱਬਤੀ ਸਿਆਸੀ ਕੈਦੀਆਂ ਅਤੇ ਲਹਾਸਾ ਬੁਆਏਜ਼ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੀ ਸਿਹਤ ਤੇ ਲੰਮੀ ਉਮਰ ਲਈ ਕਰਵਾਈ ਪ੍ਰਾਰਥਨਾ ਵਿੱਚ ਸ਼ਿਰਕਤ ਕੀਤੀ। 14ਵੇਂ ਦਲਾਈਲਾਮਾ ਇਸ ਸਾਲ ਜੁਲਾਈ ਵਿੱਚ 91 ਸਾਲ ਦੇ ਹੋ ਜਾਣਗੇ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਮੁੱਖ ਤਿੱਬਤੀ ਮੰਦਰ ਵਿੱਚ ਕਰਵਾਏ ਇਸ ਸਮਾਗਮ ਨੇ ਕਈ ਦੇਸ਼ਾਂ ਦੇ ਸਾਬਕਾ ਤਿੱਬਤੀ ਸਿਆਸੀ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਮੰਚ ’ਤੇ ਲਿਆਂਦਾ ਹੈ। ਉਹ ਦਲਾਈਲਾਮਾ ਦੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਨ ਲਈ ਵਿਸ਼ੇਸ਼ ਤੌਰ ’ਤੇ ਇਕੱਠੇ ਹੋਏ ਸਨ। ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਨੇ ਦੱਸਿਆ ਕਿ ਇਹ ਪ੍ਰਾਰਥਨਾ ਧਾਰਮਿਕ ਆਗੂ ਲਈ ਬਹੁਤ ਅਹਿਮ ਹੈ। ਉਸ ਨੇ ਦੱਸਿਆ, ‘‘ਇੱਥੇ ਸਾਰੇ ਸਿਆਸੀ ਕੈਦੀ ਮੌਜੂਦ ਹਨ; ਅਸੀਂ ਧਾਰਮਿਕ ਮਹਾਂਪੁਰਸ਼ 14ਵੇਂ ਦਲਾਈਲਾਮਾ ਲਈ ਜਸ਼ਨ ਮਨਾਇਆ ਅਤੇ ਲੰਮੀ ਉਮਰ ਦੀ ਪੂਜਾ ਕੀਤੀ। ਇਹ ਪੂਜਾ ਅਹਿਮ ਹੈ ਕਿਉਂਕਿ ਇਹ ਸਿਆਸੀ ਕੈਦੀਆਂ ਨੇ ਕਰਵਾਈ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਸਾਲ ਸਾਨੂੰ ਪੂਜਾ ਲਈ ਅਧਿਆਤਮਕ ਗੁਰੂ ਦੀ ਮੌਜੂਦਗੀ ਦਾ ਮੌਕਾ ਮਿਲਿਆ ਹੈ।’’ ਇਸ ਸਮਾਗਮ ਵਿੱਚ ਲਗਪਗ 17 ਦੇਸ਼ਾਂ ਤੋਂ ਸ਼ਰਧਾਲੂ ਪੁੱਜੇ ਸਨ।







