Punjab News: ਇੱਥੋਂ ਦੇ ਨਜ਼ਦੀਕੀ ਪਿੰਡ ਜਲਾਲਾਬਾਦ ਪੂਰਬੀ ਦੇ ਇੱਕ ਭੱਠੇ ’ਤੇ ਸਾਢੇ ਪੰਜ ਸਾਲ ਦੀ ਮਾਸੂਮ ਬੱਚੀ ਨੂੰ ਟਰੈਕਟਰ ਡਰਾਈਵਰ ਵੱਲੋਂ ਕਥਿਤ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੁੱਧਵਾਰ ਦੁਪਹਿਰ ਵੇਲੇ ਭੱਠੇ ਉੱਤੇ ਕੰਮ ਕਰਦੇ ਸਾਰੇ ਪਰਵਾਸੀ ਮਜ਼ਦੂਰ ਹੋਲੀ ਦਾ ਤਿਉਹਾਰ ਮਨਾ ਰਹੇ ਸਨ।
ਬੱਚੀ ਦੇ ਪਿਤਾ ਕਾਲਾ ਰਾਮ ਨੇ ਦੱਸਿਆ ਕਿ ਉਹ ਕੋਟਕਪੂਰਾ ਨਾਮੀ ਭੱਠੇ ’ਤੇ ਮਜ਼ਦੂਰੀ ਕਰਦਾ ਹੈ ਅਤੇ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਉਹ ਅਤੇ ਉਨ੍ਹਾਂ ਦੇ ਸਾਥੀ ਪਰਿਵਾਰਾਂ ਨਾਲ ਘਰ ਤੋਂ ਬਾਹਰ ਹੋਲੀ ਮਨਾ ਰਹੇ ਸਨ ਕਿ ਮੌਕੇ ਦਾ ਫਾਇਦਾ ਉਠਾ ਕੇ ਭੱਠੇ ਦਾ ਟਰੈਕਟਰ ਡਰਾਈਵਰ ਦੀ ਛੋਟੂ ਘਰ ਆਇਆ ਅਤੇ ਖੇਡ ਰਹੀ ਬੱਚੀ ਨੂੰ ਫੁਸਲਾਕੇ ਟਰੈਕਟਰ ਤੇ ਨਜ਼ਦੀਕ ਖੇਤਾਂ ਵਿਚ ਲੈ ਗਿਆ। ਜਿੱਥੇ ਉਸ ਨੇ ਮੋਟਰ ਦੀ ਕੋਠੀ ਵਿਚ ਬੱਚੀ ਨਾਲ ਕਥਿਤ ਤੌਰ ’ਤੇ ਜ਼ਿਨਸੀ ਸ਼ੋਸ਼ਣ ਕੀਤਾ।
ਉਨਾਂ ਦੱਸਿਆ ਕਿ ਜਦੋਂ ਉਹ ਘਰ ਆਏ ਤਾਂ ਬੱਚੀ ਉਥੋਂ ਗਾਇਬ ਸੀ। ਭਾਲ ਕਰਨ ਤੋਂ ਬਾਅਦ ਬੱਚੀ ਖੇਤਾਂ ਵਿਚਲੀ ਮੋਟਰ ਦੇ ਸਾਹਮਣੇ ਤੋਂ ਨਗਨ ਹਾਲਤ ਵਿੱਚ ਮਿਲੀ। ਸੂਚਨਾ ਮਿਲਦਿਆਂ ਹੀ ਡੀ ਐੱਸ ਪੀ ਜਸਵਰਿੰਦਰ ਸਿੰਘ,ਥਾਣਾ ਮੁਖੀ ਲਛਮਣ ਸਿੰਘ ਅਤੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਪੁਲੀਸ ਪਾਰਟੀ ਨਾਲ ਭੱਠੇ ਉੱਤੇ ਪੁੱਜੇ।
ਪੁਲੀਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ ਬੀਤੀ ਸ਼ਾਮ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਮੈਡੀਕਲ ਕੀਤਾ ਜਾਵੇਗਾ ।
ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਡਰਾਈਵਰ ਛੋਟੂ ਰਾਮ ਵਿਰੁੱਧ ਪਿਤਾ ਕਾਲਾ ਰਾਮ ਦੇ ਬਿਆਨਾਂ ਉੱਤੇ ਪੋਕਸੋ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਕਟਰੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭੱਠੇ ਦਾ ਟਰੈਕਟਰ ਡਰਾਈਵਰ ਵੀ ਪਰਵਾਸੀ ਮਜ਼ਦੂਰ ਹੈ।






