ਖੰਨਾ ਦਾ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਪਿਛਲੇ ਦਿਨੀਂ ਸਕੂਲ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਦੌਰਾਨ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਇਕ ਲੱਚਰ ਗਾਣੇ ’ਤੇ ਡਾਂਸ ਕਰਦਿਆਂ ਦੀ ਵਾਇਰਲ ਹੋਈ ਵੀਡੀਓ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਂਚ ਅਰੰਭ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਡਾ.ਚਰਨਜੀਤ ਸਿੰਘ ਜਲਾਜਣ ਨੂੰ ਜਾਂਚ ਅਧਿਕਾਰੀ ਨਿਯੁਕਤ ਕਰਦੇ ਹੋਏ ਨਿਰਪੱਖ ਪੜਤਾਲ ਦੀ ਜ਼ਿੰਮੇਵਾਰੀ ਸੌਂਪੀ ਗਈ।
ਜਾਣਕਾਰੀ ਅਨੁਸਾਰ ਵਾਇਰਲ ਵੀਡੀਓ, ਫਰਜ਼ੀ ਬਿੱਲਾਂ ਅਤੇ ਲੜਕੀਆਂ ਦੇ ਵਿੱਦਿਅਕ ਟੂਰ ਦੌਰਾਨ ਸਕੂਲ ਦੇ ਅਧਿਆਪਕਾਂ ਨੂੰ ਟੂਰ ’ਤੇ ਲਿਜਾਣ ਦੀ ਥਾਂ ਸਮਰਾਲਾ ਸਕੂਲ ਦੇ ਲੈਕਚਰਾਰ ਦਿਨੇਸ਼ ਪਾਸੀ ਨੂੰ ਲੈ ਕੇ ਜਾਣ ਸਬੰਧੀ ਇਨਕੁਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸਮਾਜ ਸੇਵੀ ਅਤੇ ਸ਼ਿਕਾਇਤਕਰਤਾ ਅਜੀਤ ਖੰਨਾ ਨੇ ਕਿਹਾ ਕਿ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਟੂਰ ਦੌਰਾਨ ਲੱਚਰ ਗਾਣੇ ’ਤੇ ਡਾਂਸ ਕਰਨਾ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਾ ਹੈ।
ਇਹ ਜਾਂਚ ਸਰਕਾਰੀ ਸਕੂਲ ਰਸੂਲੜਾ ਵਿਖੇ ਰੱਖੀ ਗਈ ਹੈ ਜਿੱਥੇ ਉਹ ਸਾਰੇ ਪੁਖਤਾ ਸਬੂਤ ਜਾਂਚ ਅਧਿਕਾਰੀ ਨੂੰ ਸੌਂਪਣਗੇ। ਉਨ੍ਹਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪ੍ਰਿੰਸੀਪਲ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਤੋਂ ਬਾਹਰ ਤਬਾਦਲਾ ਕੀਤਾ ਜਾਵੇਗਾ ਅਤੇ ਲੜਕੀਆਂ ਦਾ ਸਕੂਲ ਹੋਣ ਕਾਰਨ ਇਥੇ ਕਿਸੇ ਮਹਿਲਾ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਸ਼ਹਿਰ ਦੇ ਪ੍ਰਮੁੱਖ ਕੁੜੀਆਂ ਦੇ ਸਕੂਲ ਵਿਚ ਵਿੱਦਿਅਕ ਮਾਹੌਲ ਸਹੀ ਹੋ ਸਕੇ।






