ਭਾਰਤ ਵਿੱਚ ਪੈਸਿਵ ਯੂਥੇਨੇਸ਼ੀਆ (ਮੌਤ ਦੀ ਇਜਾਜ਼ਤ) ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਰੀਸ਼ ਰਾਣਾ ਦੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਆਖਰੀ ਵਾਰ ਵਿਦਾਇਗੀ ਦਿੰਦੇ ਹੋਏ ਉਸ ਦੇ ਜੀਵਨ ਨੂੰ ਯਾਦ ਕੀਤਾ ਅਤੇ ਅੰਤਿਮ ਰਸਮਾਂ ਦੌਰਾਨ ਉਸ ਨੂੰ ਇੱਕ ਚੰਗਾ ਪੁੱਤਰ ਦੱਸਿਆ। ਹਰੀਸ਼ ਦੀ ਮਾਂ ਨਿਰਮਲਾ ਦੇਵੀ ਨੇ ਹੱਥ ਜੋੜ ਕੇ ਭਾਵੁਕ ਵਿਦਾਇਗੀ ਦਿੱਤੀ, ਜਦੋਂ ਕਿ ਉਸ ਦੇ ਪਿਤਾ ਅਸ਼ੋਕ ਰਾਣਾ ਨੇ ਸੋਗ ਮਨਾਉਣ ਵਾਲਿਆਂ ਨੂੰ ਨਾ ਰੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਇੱਕ “ਸੁਖੀ ਥਾਂ” ‘ਤੇ ਹੈ।
ਹਰੀਸ਼ ਦੀਆਂ ਅੰਤਿਮ ਰਸਮਾਂ ਬੁੱਧਵਾਰ ਸਵੇਰੇ ਦੱਖਣੀ ਦਿੱਲੀ ਦੇ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿੱਚ ਨਿਭਾਈਆਂ ਗਈਆਂ, ਜਿਸ ਨਾਲ ਉਸ ਦੀ 13 ਸਾਲਾਂ ਦੀ ਮੈਡੀਕਲ ਤਕਲੀਫ਼ ਦਾ ਸ਼ਾਂਤੀਪੂਰਨ ਅੰਤ ਹੋ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦੇ, ਗਾਜ਼ੀਆਬਾਦ ਦੀ ਰਾਜ ਐਮਪਾਇਰ ਸੁਸਾਇਟੀ ਦੇ ਨਿਵਾਸੀ, ਐਨਜੀਓ (NGOs), ਏਮਜ਼ (AIIMS) ਦਾ ਸਟਾਫ ਅਤੇ ਰਿਸ਼ਤੇਦਾਰ ਸ਼ਾਮਲ ਹੋਏ।
ਹਰੀਸ਼ ਦੇ ਛੋਟੇ ਭਰਾ ਅਸ਼ੀਸ਼ ਰਾਣਾ ਨੇ ਆਪਣੀ ਭੈਣ ਭਾਵਨਾ ਦੀ ਮੌਜੂਦਗੀ ਵਿੱਚ ਚਿਖਾ ਨੂੰ ਅਗਨੀ ਦਿੱਤੀ ਗਈ। ਬ੍ਰਹਮ ਕੁਮਾਰੀ ਦੀ ਸਿਸਟਰ ਲਵਲੀ ਨੇ ਦੱਸਿਆ ਕਿ ਪਰਿਵਾਰ ਨੇ ਹਰੀਸ਼ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ‘ਭੋਗ’ ਅਤੇ ਪ੍ਰਾਰਥਨਾ ਸਭਾ ਕਰਵਾਈ ਜਾਵੇਗੀ, ਜਿਸ ਵਿੱਚ ਹਰੀਸ਼ ਦੀ ਪਸੰਦ ਦਾ ਭੋਜਨ ਤਿਆਰ ਕੀਤਾ ਜਾਵੇਗਾ ਕਿਉਂਕਿ ਉਹ ਪਿਛਲੇ ਇੱਕ ਦਹਾਕੇ ਤੋਂ ਕੁਝ ਵੀ ਖਾ ਨਹੀਂ ਸਕਿਆ ਸੀ।
ਹਰੀਸ਼ 2013 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਬੀ.ਟੈੱਕ ਦੀ ਪੜ੍ਹਾਈ ਦੌਰਾਨ ਚੌਥੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਕੋਮਾ ਵਿੱਚ ਚਲਾ ਗਿਆ ਸੀ। ਸੁਪਰੀਮ ਕੋਰਟ ਦੇ ਇਤਿਹਾਸਕ ਹੁਕਮਾਂ ਤੋਂ ਬਾਅਦ ਉਸ ਦੀ ਜੀਵਨ ਰੱਖਿਅਕ ਪ੍ਰਣਾਲੀ (ਲਾਈਫ ਸਪੋਰਟ) ਹਟਾ ਦਿੱਤੀ ਗਈ ਸੀ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।






