ਦਿੱਲੀ ਵਿਧਾਨ ਸਭਾ ਨੂੰ ਬੁੱਧਵਾਰ ਨੂੰ ਇੱਕ ਵਾਰ ਫਿਰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ, ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਸਦਨ ਦਾ ਸੈਸ਼ਨ ਚੱਲ ਰਿਹਾ ਸੀ ਅਤੇ ਇੱਕ ਦਿਨ ਪਹਿਲਾਂ ਵੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਬਜਟ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲਾਂ ਅਜਿਹੀ ਹੀ ਧਮਕੀ ਮਿਲੀ ਸੀ।
ਸੂਤਰਾਂ ਅਨੁਸਾਰ ਤਾਜ਼ਾ ਈਮੇਲ ਬੁੱਧਵਾਰ ਤੜਕੇ ਵਿਧਾਨ ਸਭਾ ਸਪੀਕਰ ਦੀ ਸਰਕਾਰੀ ਈਮੇਲ ਆਈਡੀ ‘ਤੇ ਭੇਜੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੱਲ ਰਹੇ ਸੈਸ਼ਨ ਦੌਰਾਨ ਅਸੈਂਬਲੀ ਕੰਪਲੈਕਸ ਵਿੱਚ ਬੰਬ ਰੱਖੇ ਗਏ ਹਨ ਅਤੇ ਭੇਜਣ ਵਾਲੇ ਨੇ ਸੁਨੇਹੇ ਵਿੱਚ ਕਈ ਭੜਕਾਊ ਗੱਲਾਂ ਵੀ ਕੀਤੀਆਂ ਸਨ।
ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ 7:28 ਵਜੇ ਅਤੇ ਫਿਰ 7:49 ਵਜੇ ਸਪੀਕਰ ਵਿਜੇਂਦਰ ਗੁਪਤਾ ਨੂੰ ਭੇਜੀਆਂ ਗਈਆਂ ਧਮਕੀਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਪੁਲੀਸ ਟੀਮਾਂ ਵੱਲੋਂ ਇਮਾਰਤ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਰ ਧਮਕੀ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਸਾਈਬਰ ਮਾਹਰ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਆਈਪੀ (IP) ਟਰੈਕਿੰਗ ਅਤੇ ਤਕਨੀਕੀ ਜਾਂਚ ਕਰ ਰਹੇ ਹਨ।






